ਨਵੀਂ ਦਿੱਲੀ – ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਵਰਲਡ ਐਂਟੀ ਡੋਪਿੰਗ ੲਜੰਸੀ ਨੂੰ ਅਪੀਲ ਕੀਤੀ ਹੈ ਕਿ ਕੌਮੀ ਡੋਪ ਟੈਸਟ ਲੈਬਾਰਟਰੀ (ਐੱਨਡੀਟੀਐੱਲ) ’ਤੇ ਲਾਈ ਪਾਬੰਦੀ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਲੈਬਾਰਟਰੀ ਵਾਡਾ ਵਲੋਂ ਸੁਧਾਰ ਲਈ ਸੁਝਾਏ ਸਾਰੇ ਮਾਪਦੰਡਾਂ ’ਤੇ ਹੁਣ ਖਰੀ ਉਤਰੀ ਹੈ। ਖੇਡਾਂ ਬਾਰੇ ਕਰਵਾਏ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਰਿਜਿਜੂ ਨੇ ਵਾਡਾ ਮੁਖੀ ਵਿਟੋਲਡ ਬਾਂਕਾ ਨੂੰ ਅਪੀਲ ਕੀਤੀ ਹੈ ਕਿ ਐੱਨਡੀਟੀਐੱਲ ਨੂੰ ਡੋਪ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਸ ਨੇ ਕਈ ਸੁਧਾਰ ਕੀਤੇ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਲਦੀ ਹੀ ਵਾਡਾ ਦੀ ਟੀਮ ਭਾਰਤ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਵੇ। ਦੱਸਣਾ ਬਣਦਾ ਹੈ ਕਿ ਵਾਡਾ ਨੇ ਜੁਲਾਈ ਵਿਚ ਕੌਮਾਂਤਰੀ ਮਾਪਦੰਡਾਂ ’ਤੇ ਖਰਾ ਨਾ ਉਤਰਨ ਕਰ ਕੇ ਐੱਨਡੀਟੀਐੱਲ ’ਤੇ ਛੇ ਮਹੀਨੇ ਦੀ ਪਾਬੰਦੀ ਲਾ ਦਿੱਤੀ ਸੀ।