ਸਰੀ – ਕੈਨੇਡਾ ਵਿਚ ਇਸੇ ਮਹੀਨੇ ਕੋਵਿਡ-19 ਦੀ ਵੈਕਸੀਨ ਉਪਲਬਧ ਹੋ ਜਾਵੇਗੀ ਅਤੇ ਇਸ ਦੀ ਪਹਿਲੀ ਸ਼ਿਪਮੈਂਟ ਅਗਲੇ ਹਫ਼ਤੇ ਪਹੁੰਚ ਸਕਦੀ ਹੈ। ਇਹ ਪ੍ਰਗਟਾਂਵਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਦਾ ਫ਼ਾਈਜ਼ਰ ਕੰਪਨੀ ਨਾਲ ਇਕਰਾਰਨਾਮਾ ਹੋਇਆ ਹੈ ਜਿਸ ਤਹਿਤ ਹੈਲਥ ਕੈਨੇਡਾ ਵੱਲੋਂ ਮਾਨਤਾ ਮਿਲਦੇ ਸਾਰ ਹੀ ਕੈਨੇਡਾ ਨੂੰ ਦਸੰਬਰ ਦੇ ਮਹੀਨੇ ਵਿਚ ਹੀ ਵੈਕਸੀਨ ਦੀਆਂ 249,000 ਖੁਰਾਕਾਂ ਮਿਲ ਜਾਣਗੀਆਂ। ਇਸੇ ਦੌਰਾਨ ਵੈਕਸੀਨ ਨੂੰ ਵੱਖ ਵੱਖ ਸੂਬਿਆਂ ਤੱਕ ਪਹੁੰਚਾਉਣ ਲਈ ਮਿਲਟਰੀ ਦੀ ਅਗਵਾਈ ਕਰ ਰਹੇ ਮੇਜਰ ਜਨਰਲ ਡੈਨੀ ਫਾਊਂਟੇਨ ਅਨੁਸਾਰ ਕੈਨੇਡੀਅਨ ਮਿਲਟਰੀ ਮੈਂਬਰ, ਸਿਹਤ ਕਰਮਚਾਰੀ ਅਤੇ ਸਰਕਾਰੀ ਅਧਿਕਾਰੀ ਦੇਸ਼ ਭਰ ਵਿਚ ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਲਈ ਅੱਜ ਇੱਕ ਅਭਿਆਸ ਕਰ ਰਹੇ ਹਨ। ਇਸ ਅਭਿਆਸ ਦਾ ਉਦੇਸ਼ ਵੈਕਸੀਨ ਦੀ ਵੰਡ ਵਿੱਚ ਸ਼ਾਮਲ ਸਾਰੇ ਕਾਰਕੁੰਨਾਂ ਨੂੰ ਵੈਕਸੀਨ ਦੀ ਸੰਭਾਲ ਲਈ ਚੰਗੀ ਤਰ੍ਹਾਂ ਜਾਣੂੰ ਕਰਵਾਉਣਾ ਹੈ। ਇਸ ਵੈਕਸੀਨ ਦੀ ਸੰਭਾਲ ਲਈ ਇਸ ਨੂੰ ਹਰ ਸਮੇਂ ਮਾਈਨਸ 70 ਡਿਗਰੀ ਤਾਪਮਾਨ ਵਿਚ ਰੱਖਣ ਦੀ ਲੋੜ ਹੈ। ਨੈਸ਼ਨਲ ਆਪਰੇਸ਼ਨਜ਼ ਸੈਂਟਰ ਮੁਤਾਬਕ ਦੇਸ਼ ਭਰ ਵਿੱਚ ਵੈਕਸੀਨ ਦੋ ਪੜਾਵਾਂ ਵਿਚ ਮੁਹੱਈਆ ਕਰਵਾਈ ਜਾਵੇਗੀ ਜਿਸ ਤਹਿਤ ਸਰਦੀਆਂ ਵਿੱਚ ਪਹਿਲਾਂ 3 ਮਿਲੀਅਨ ਲੋਕਾਂ ਲਈ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।