ਲੁਧਿਆਣਾ, 12 ਸਤੰਬਰ 2020: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਨਾਰਦਨ ਜ਼ੋਨ ਇੰਸ਼ੋਰੈਂਸ ਇੰਪਲਾਈ ਐਸੋਸੀਏਸ਼ਨ ਵਲੋਂ ਪ੍ਰਧਾਨ ਪੀ.ਪੀ. ਸਿੰਘ ਅਤੇ ਸਕੱਤਰ ਅਮਰਜੀਤ ਸਿੰਘ ਨੇ ਇਕ ਮੰਗ ਪੱਤਰ ਦੇ ਕੇ ਪੁਰਜੋਰ ਸ਼ਬਦਾਂ ਰਾਂਹੀ ਮੰਗ ਕੀਤੀ ਕਿ ਕੇਂਦਰ ਸਰਕਾਰ ਸਭ ਤੋਂ ਵੱਧ ਕਮਾਈ ਕਰਨ ਵਾਲੀ ਸਰਕਾਰੀ ਲਾਈਫ ਇੰਸ਼ੋਰੈਂਸ ਕੰਪਨੀ ਦੇ 25% ਹੱਕ ਪ੍ਰਾਈਵੇਟ ਹੱਥਾਂ ਵਿਚ ਦੇਣ ਜਾ ਰਹੀ ਹੈ, ਜਿਸ ਨੂੰ ਦੇਸ਼ ਹਿੱਤ ਵਿਚ ਰੋਕਿਆ ਜਾਣਾ ਅਤਿ ਜਰੂਰੀ ਹੈ।ਉਨਾ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਈਫ ਇੰਸ਼ੋਰੈਂਸ ਕੰਪਨੀ ਸੰਨ 1956 ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਸੀ, ਜਿਸ ਨੇ ਤੱਰਕੀ ਕਰਦੇ ਹੋਏ 32 ਲੱਖ ਕਰੋੜ ਰੁਪਏ ਦੀਆਂ 40 ਕਰੋੜ ਪਾਲਿਸੀਆਂ ਕੀਤੀਆਂ ਹਨ। ਉਨਾ ਦੱਸਿਆ ਕਿ ਦੇਸ਼ ਦੇ ਵਿਕਾਸ ਕਾਰਜਾਂ ਵਿਚ ਐਲਆਈਸੀ 25% ਹਿੱਸਾ ਪਾਉਂਦੀ ਆ ਰਹੀ ਹੈ, ਇਹ ਕੰਪਨੀ ਲਗਭਗ 13.5 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੀ ਹੈ, ਇਸ ਕੰਪਨੀ ਦੇ 1.5 ਲੱਖ ਕਰਮਚਾਰੀ ਹਨ ਅਤੇ 12 ਲੱਖ ਦੇ ਕਰੀਬ ਏਜੰਟ ਹਨ ਅਤੇ ਇਸ ਕੰਪਨੀ ਨੇ 64 ਸਾਲ ਵਿਚ ਸਰਕਾਰ ਤੋਂ ਕੋਈ ਵੀ ਪੈਸਾ ਨਹੀ ਲਿਆ, ਸਗੋਂ ਇਹ ਹਰੇਕ 5 ਸਾਲਾ ਯੋਜਨਾ ਤਹਿਤ ਕੇਂਦਰ ਸਰਕਾਰ ਨੂੰ ਪੈਸੇ ਦਿੰਦੀ ਆ ਰਹੀ ਹੈ ਅਤੇ ਪਿਛਲੀ 2012 ਤੋਂ 2017 ਦੀ ਪੰਜ ਸਾਲਾ ਯੋਜਨਾ ਅਧੀਨ ਐਲਆਈਸੀ ਨੇ ਸਰਕਾਰ ਨੂੰ 14 ਲੱਖ ਕਰੋੜ ਰੁਪਏ ਦਿੱਤੇ ਸਨ ਅਤੇ ਹਰ ਸਾਲ 2611 ਕਰੋੜ ਰੁਪਏ ਹੋਰ ਦਿੰਦੀ ਆ ਰਹੀ ਹੈ। ਉਨਾ ਦੱਸਿਆ ਕਿ ਇਸ ਕੰਪਨੀ ਵਿਚ ਅੱਜ ਤੱਕ ਕੋਈ ਵੀ ਘੁਟਾਲਾ ਨਹੀ ਹੋਇਆ ਅਤੇ ਇਹ ਪਿਛਲੇ 20 ਸਾਲਾਂ ਤੋਂ 23 ਪ੍ਰਾਈਵੇਟ ਕੰਪਨੀਆਂ ਦਾ ਮੁਕਾਬਲਾ ਕਰਦੀ ਆ ਰਹੀ ਹੈ ਤੇ ਇਸ ਦੀ ਕਲੇਮ ਦੇਣ ਦੀ ਰੇਸ਼ੋ 95.44% ਹੈ। ਉਨਾ ਹੋਰ ਦੱਸਿਆ ਕਿ ਐਲਆਈਸੀ ਨੇ ਕੋਵਿਡ-19 ਦੇ 561 ਪਾਲਿਸੀ ਲੈਣ ਵਾਲਿਆਂ ਨੂੰ ਵੀ ਬਿਨਾ ਕਿਸੇ ਦਿੱਕਤ ਦੇ ਕਲੇਮ ਦਿੱਤੇ ਹਨ। ਉਨਾ ਕਿਹਾ ਕਿ ਪਤਾ ਨਹੀ ਕਿਉ ਕੇਂਦਰ ਸਰਕਾਰ ਇਸ ਕਮਾਈ ਵਾਲੀ ਕੰਪਨੀ ਦਾ 25% ਹਿੱਸਾ ਵੇਚਣ ਤੇ ਤੁਲੀ ਹੋਈ ਹੈ। ਉਨਾ ਲੋਕ ਇਨਸਾਫ ਪਾਰਟੀ ਮੁੱਖੀ ਸਿਮਰਜੀਤ ਸਿੰਘ ਬੈਂਸ ਨੂੰ ਕਿਹਾ ਕਿ ਅਸੀ ਜਾਣਦੇ ਹਾਂ ਕਿ ਤੁਸੀ ਹਰੇਕ ਵਰਗ ਦੇ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਲਈ ਪੂਰਨ ਯਤਨ ਕਰਦੇ ਹੋ, ਇਸ ਲਈ ਸਾਡੀ ਜੱਥੇਬੰਦੀ ਤੁਹਾਡੇ ਕੋਲ ਆਈ ਹੈ। ਜੱਥੇਬੰਦੀ ਦੇ ਆਗੂਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਸਿਮਰਜੀਤ ਸਿੰਘ ਬੈਂਸ ਨੇ ਉਨਾ ਨੂੰ ਵਿਸ਼ਵਾਸ ਦੁਆਇਆ ਕਿ ਉਨਾ ਦੀ ਪਾਰਟੀ ਕੇਂਦਰ ਸਰਕਾਰ ਤੱਕ ਉਨਾ ਦੀ ਆਵਾਜ਼ ਪੁੰਹਚਾਏਗੀ ਅਤੇ ਐਲਆਈਸੀ ਦੇ 25% ਹੱਕ ਨਾਂ ਵਿੱਕਣ ਇਸ ਸਬੰਧੀ ਹਰ ਹੀਲਾ ਵਰਤਿਆ ਜਾਵੇਗਾ, ਜੇਕਰ ਜੱਥੇਬੰਦੀ ਸੰਘਰਸ਼ ਕਰਦੀ ਹੈ ਤਾਂ ਲੋਕ ਇਨਸਾਫ ਪਾਰਟੀ ਉਨਾ ਦੇ ਮੋਢੇ ਨਾਲ ਮੋਢਾ ਜੋੜਕੇ ਸਾਥ ਦੇਵੇਗੀ। ਉਨਾ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੀ ਹਲਾਲ ਕਰਨ ਲੱਗੀ ਹੈ, ਜੋਕਿ ਆਉਣ ਵਾਲੇ ਸਮੇ ਵਿਚ ਦੇਸ਼ ਦੇ ਵਿਰੋਧ ਵਿਚ ਜਾਵੇਗੀ।