ਆਸਟਰੇਲੀਆ ਖ਼ਿਲਾਫ਼ ਸੀਰੀਜ਼ ਬਚਾਉਣ ਲਈ ਐਤਵਾਰ ਨੂੰ ਦੂਜੇ ਵਨ-ਡੇ ਮੈਚ ‘ਚ ਟੀਮ ਇੰਡੀਆ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੂੰ ਪਹਿਲੇ ਮੈਚ ‘ਚ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਜਿਸ ਤਰ੍ਹਾਂ ਟੀਮ ਇੰਡੀਆ ਦੀ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਿਆ ਹੈ, ਉਹ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਲਈ ਚਿੰਤਾ ਦਾ ਸਬਬ ਹੈ। ਸਿਡਨੀ ‘ਚ ਖੇਡਿਆ ਜਾਣ ਵਾਲਾ ਦੂਜਾ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 9.10 ਵਜੇ ਸ਼ੁਰੂ ਹੋਵੇਗਾ।ਪਹਿਲੇ ਵਨ-ਡੇ ‘ਚ ਹਾਰਦਿਕ ਪੰਡਯਾ ਨੇ 76 ਗੇਂਦਾਂ ‘ਚ 90 ਦੌੜਾਂ ਬਣਾਈਆਂ, ਪਰ 2017 ਚੈਂਪੀਅਨਜ਼ ਫ਼ਾਈਨਲ ਦੀ ਤਰ੍ਹਾਂ ਸਿਰਫ਼ ਇਕ ਸ਼ਾਨਦਾਰ ਪਾਰੀ ਨਾਲ ਮੈਚ ਨਹੀਂ ਜਿਤਾ ਸਕੇ। ਪੰਡਯਾ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉਹ ਫ਼ਿਲਹਾਲ ਗੇਂਦਬਾਜ਼ੀ ਕਰਨ ਦੀ ਸਥਿਤੀ ‘ਚ ਨਹੀਂ ਹਨ ਤੇ ਟੀ-20 ਵਰਲਡ ਕੱਪ ਤੋਂ ਪਹਿਲਾਂ ਗੇਂਦਬਾਜ਼ੀ ਨਹੀਂ ਕਰ ਸਕਣਗੇ। ਇਸ ਨਾਲ ਕੋਹਲੀ ਕੋਲ ਅਜਿਹੇ ਗੇਂਦਬਾਜ਼ ਰਹਿ ਗਏ ਹਨ, ਜੋ ਬੱਲੇਬਾਜ਼ੀ ਨਹੀਂ ਕਰ ਸਕਦੇ ਤੇ ਟਾਪ ਆਰਡਰ ਦਾ ਕੋਈ ਬੱਲੇਬਾਜ਼ ਗੇਂਦਬਾਜ਼ੀ ਨਹੀਂ ਕਰ ਸਕਦਾ। ਦੂਜੇ ਪਾਸੇ ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ, ਸਟੀਵ ਸਮਿਥ ਤੇ ਡੇਵਿਡ ਵਾਰਨਰ ਜ਼ਬਰਦਸਤ ਫ਼ਾਰਮ ‘ਚ ਹਨ, ਜਿਸ ‘ਚ ਜਸਪ੍ਰੀਤ ਬੁਮਰਾਹ ਤੇ ਬਾਕੀ ਗੇਂਦਬਾਜ਼ ਅਸਰਦਾਰ ਸਾਬਤ ਨਹੀਂ ਹੋਏ। ਭਾਰਤੀ ਟੀਮ ਦੇ ਗੇਂਦਬਾਜ਼ੀ ਤਾਲਮੇਲ ‘ਚ ਕਿਸੇ ਬਦਲਾਅ ਦੀ ਸੰਭਾਵਨਾ ਨਹੀਂ ਹੈ, ਬਸ਼ਰਤੇ ਯੁਜਵੇਂਦਰ ਚਾਹਲ ਤੇ ਨਵਦੀਪ ਸੈਨੀ ਦੋਵੇਂ ਅਨਫਿੱਟ ਨਾ ਐਲਾਨੇ ਜਾਣ। ਚਾਹਲ ਤੇ ਸੈਨੀ ਦੋਹਾਂ ਨੇ ਮਿਲ ਕੇ 20 ਓਵਰਾਂ ‘ਚ 172 ਦੌੜਾਂ ਦੇ ਦਿੱਤੀਆਂ।