ਚੰਡੀਗੜ੍ਹ – ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ-ਪੰਜਾਬ ਦੇ ਕਿਸਾਨਾਂ ਨੇ 26 ਨਵੰਬਰ 2020 ਨੂੰ ਦਿੱਲੀ ਕੂਚ ਦੇ ਐਲਾਨ ਸੰਬੰਧੀ ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾਉੱਦਿਆਂ ਦਿੱਲੀ ਵੱਲ ਕੂਚ ਕਰ ਦਿੱਤਾ ਹੈ| ਇਸ ਦੌਰਾਨ ਹਰਿਆਣਾ ਪੁਲੀਸ ਵਲੋਂ ਅੰਬਾਲਾ ਵਿੱਚ ਚੰਡੀਗੜ੍ਹ-ਦਿੱਲੀ ਹਾਈਵੇਅ ਤੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ਤੇ ਪਾਣੀ ਦੀ ਤੇਜਧਾਰ ਬੁਛਾੜ ਕੀਤੀ| ਇਸ ਦੌਰਾਨ ਕਿਸਾਨਾਂ ਨੇ ਪੁਲੀਸ ਵਲੋਂ ਰੋਕਣ ਲਈ ਲਾਏ ਗਏ ਬੈਰੀਕੇਡ ਨੂੰ ਤੋੜ ਦਿੱਤਾ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ| ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ ਹਰਿਆਣਾ ਬਾਰਡਰ ਤੇ ਡਟੇ ਹੋਏ ਹਨ|ਇੱਥੇ ਜਿਕਰਯੋਗ ਹੈ ਕਿ ਹਰਿਆਣਾ ਬਾਰਡਰ ਤੇ ਪੁੱਜੇ ਕਿਸਾਨ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ (ਸਬਜ਼ੀਆਂ, ਵਾਟਰ ਟੈਂਕਰ, ਲੱਕੜਾਂ) ਲੈ ਕੇ ਪੁੱਜੇ ਅਤੇ ਨਾਲ ਹੀ ਖਾਣਾ ਬਣਾਉਣ ਵਾਲੇ ਕਈ ਲੋਕ ਵੀ ਉਹਨਾਂ ਦੇ ਨਾਲ ਪਹੁੰਚੇ ਹਨ| ਇਸ ਦੌਰਾਨ ਹਰਿਆਣਾ ਬਾਰਡਰ ਤੇ ਡਟੇ ਕਿਸਾਨਾਂ ਲਈ ਬਾਰਡਰ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਪਹੁੰਚ ਰਹੇ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਹਨਾਂ ਨਾਲ ਜ਼ਿਆਦਤੀ ਕਰੇਗੀ ਤਾਂ ਉਹ ਬਾਰਡਰ ਤੇ ਹੀ ਧਰਨੇ ਤੇ ਬੈਠ ਜਾਣਗੇ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਚਾਹੇ ਕੁਝ ਵੀ ਕਰਨਾ ਪਵੇ, ਕਿਸਾਨ ਪਿੱਛੇ ਨਹੀਂ ਹਟਣਗੇ|ਇਸ ਦੌਰਾਨ ਹਰਿਆਣਾ ਦੇ ਜੀਂਦ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿਚ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ|