ਐਡਮਿੰਟਨ – ਕੈਨੇਡਾ ਦੇ ਸੂਬੇ ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇੰਨੇ ਵੱਧ ਗਏ ਹਨ ਕਿ ਇਨ੍ਹਾਂ ਨੂੰ ਰੋਕਣ ਲਈ ਬਹੁਤ ਹੀ ਸਖਤ ਪਾਬੰਦੀਆਂ ਦੀ ਜ਼ਰੂਰਤ ਹੈ|ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਇਸੇ ਲਈ ਲੋਕਾਂ ਦਾ ਘਰਾਂ ਵਿਚ ਇਕੱਠੇ ਹੋਣਾ ਵੀ ਹੁਣ ਬੰਦ ਹੋਣ ਜਾ ਰਿਹਾ ਹੈ| ਕੈਨੀ ਨੇ ਕਿਹਾ ਕਿ ਉਹ ਘਰ੍ਹਾਂ ਵਿੱਚ ਹੋਣ ਵਾਲੇ ਇਕੱਠ ਨੂੰ ਇਕੱਦਮ ਬੰਦ ਕਰ ਰਹੇ ਹਨ ਪਰ ਜਿਹੜੇ ਲੋਕ ਘਰਾਂ ਵਿਚ ਇਕੱਲੇ ਰਹਿੰਦੇ ਹਨ, ਉਹ ਦੋ ਵਿਅਕਤੀਆਂ ਨੂੰ ਮਿਲ ਸਕਦੇ ਹਨ| ਉਹਨਾਂ ਦਾ ਕਹਿਣਾ ਹੈ ਕਿ ਉਹ ਸਕੂਲ, ਚਰਚ, ਰੈਸਟੋਰੈਂਟ ਅਤੇ ਖੇਡਾਂ ਵਰਗੇ ਪਲੈਟਫਾਰਮ ਤੇ ਲੋਕਾਂ ਦੇ ਇਕੱਠ ਦੀ ਗਿਣਤੀ ਨੂੰ ਘੱਟ ਕਰਨ ਜਾ ਰਹੇ ਹਨ| ਇਸ ਦੇ ਨਾਲ ਹੀ ਵਿਆਹ-ਸ਼ਾਦੀਆਂ ਅਤੇ ਅੰਤਿਮ ਸੰਸਕਾਰ ਮੌਕੇ ਲੋਕਾਂ ਦੇ ਇਕੱਠ ਦੀ ਗਿਣਤੀ ਸੀਮਤ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦਾ ਹੈ, ਨਾ ਕਿ ਉਹ ਅਰਥ ਵਿਵਸਥਾ ਨੂੰ ਘਾਟੇ ਵਿਚ ਜਾਣ ਦੇਣਾ ਚਾਹੁੰਦੇ ਹਨ| ਵਿਆਹ ਅਤੇ ਅੰਤਿਮ ਸੰਸਕਾਰ ਲਈ 10 ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ| ਦਫਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਅਪੀਲ ਹੈ ਕਿ ਉਹ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ| ਨਿਯਮ ਤੋੜਨ ਵਾਲਿਆਂ ਨੂੰ 1 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ| ਜ਼ਿਕਰਯੋਗ ਹੈ ਕਿ ਪਹਿਲਾਂ ਲੋਕ ਘਰਾਂ ਵਿਚ ਪਾਰਟੀਆਂ ਕਰਨ ਲਈ ਕਈ ਮਹਿਮਾਨਾਂ ਨੂੰ ਸੱਦ ਲੈਂਦੇ ਸਨ| ਇਸ ਕਾਰਨ ਹੁਣ ਸਖ਼ਤੀ ਕੀਤੀ ਜਾ ਰਹੀ ਹੈ|