ਫਤਿਹਗੜ੍ਹ ਸਾਹਿਬ, 26 ਮਈ 2020 – ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਮਨੈਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦੇਖਦਿਆਂ ਪਹਿਲੀ ਨਜ਼ਰੇ ਕਸ਼ਮੀਰ ਵਾਦੀ ਦਾ ਭੁਲੇਖਾ ਪੈਂਦਾ ਹੈ। ਇਸ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਧਿਆਪਕਾਂ ਦੀ ਮਿਹਨਤ ਅਤੇ ਪਿੰਡ ਵਾਸੀਆਂ ਵੱਲੋਂ ਕਿਰਤ ਕਮਾਈ ਚੋਂ ਕੱਢੇ ‘ਦਸਵੰਧ’ ਨੇ ਰੰਗ ਭਾਗ ਲਾ ਦਿੱਤੇ ਹਨ। ਕੋਈ ਸਮਾਂ ਸੀ ਜਦੋਂ ਇਸ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਕਰਾਰ ਦਿੱਤੀ ਗਈ ਸੀ। ਜਦੋਂ ਅਧਿਆਪਕਾਂ ਨੇ ਨਵਾਂ ਕਰਨ ਦੀ ਠਾਣ ਲਈ ਤਾਂ ਨਵੇਂ ਰਾਹ ਖੁੱਲ ਪਏ। ਤਾਹੀਓਂ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਮਨੇਲਾ ਦਾ ਨਾਮ ਪੰਜਾਬ ਦੇ ਵਿੱਦਿਅਕ ਨਕਸ਼ੇ ’ਤੇ ਉੱਭਰਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ’ਚ ਇਸ ਵੇਲੇ ਸਟੇਟ ਐਵਾਰਡੀ ਜਗਤਾਰ ਸਿੰਘ ਸਮੇਤ ਛੇ ਅਧਿਆਪਕ ਹਨ ਜੋ ਕਿ ਸਕੂਲ ਦੀ ਬਿਹਤਰੀ ਲਈ ਇੱਕ ਲੜੀ ਵਿੱਚ ਪਰੋਏ ਹੋਏ ਹਨ । ਸਕੂਲ ਸਟਾਫ਼ ਤੋਂ ਇਲਾਵਾ ਮੁੱਖ ਅਧਿਆਪਕ ਦੇ ਨਾਲ ਉਸ ਦੀ ਅਧਿਆਪਕ ਪਤਨੀ ਭੁਪਿੰਦਰ ਕੌਰ ਵੀ ਵੱਡਾ ਯੋਗਦਾਨ ਪਾ ਰਹੀ ਹੈ ਜਿਸ ਨੂੰ ਕੇਂਦਰੀ ਮਨੁੱਖੀ ਵਿਕਾਸ ਸਰੋਤ ਮੰਤਰਾਲੇ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਨਮਾਨਿਤ ਕੀਤਾ ਜਾ ਚੁੱਕਿਆ ਹੈ।