ਫਰੀਦਕੋਟ, 26 ਮਈ 2020 – ਪੰਜਾਬ ਸਰਕਾਰ ਵੱਲੋਂ ਦੂਜੇ ਰਾਜਾਂ ਦੇ ਵਸਨੀਕ ਜੋ ਕਰਫਿਊ/ਲਾਕਡਾਊਨ ਦੌਰਾਨ ਪੰਜਾਬ ਰਾਜ ਵਿੱਚ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਮੁੜ ਉਨ੍ਹਾਂ ਦੀ ਇੱਛਾ ਅਨੁਸਾਰ ਵਾਪਸ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਣ ਲਈ ਆਰੰਭੀ ਗਈ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਰੋਜ਼ਾਨਾ ਰਾਜ ਦੇ ਵੱਖ ਵੱਖ ਹਿੱਸਿਆ ਵਿਚੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫਰੀਦਕੋਟ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਉਤਰਾਖੰਡ, ਝਾਰਖੰਡ, ਯੂ.ਪੀ., ਰਾਜਸਥਾਨ, ਜੰਮੂ ਕਸ਼ਮੀਰ , ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਲਈ ਵਿਸ਼ੇਸ਼ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।
ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਅੱਜ ਫਿਰ ਬਿਹਾਰ ਨਾਲ ਸਬੰਧਤ 285 ਲੋਕਾਂ ਨੂੰ 12 ਵਿਸ਼ੇਸ਼ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੱਕ ਪਹੁੰਚਾਇਆ ਗਿਆ ਜਿੱਥੋਂ ਵੱਖ ਵੱਖ ਸ਼੍ਰਮਿਕ ਟਰੇਨਾਂ ਰਾਹੀਂ ਇਨ੍ਹਾਂ ਰਾਜਾਂ ਦੇ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ। ਫਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀਆਂ ਦੋਨੋਂ ਗੱਡੀਆਂ ਬੇਤੀਆ ਅਤੇ ਪੂਰਨੀਆਂ (ਬਿਹਾਰ ) ਦੇ ਲੋਕ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ। ਇਹ ਮਜ਼ਦੂਰ ਜੋ ਕਿ ਲਾਕਡਾਊਨ ਦੌਰਾਨ ਫਰੀਦਕੋਟ, ਕੋਟਕਪੂਰਾਂ ਅਤੇ ਜੈਤੋ ਆਦਿ ਇਲਾਕਿਆਂ ਵਿੱਚ ਰਹਿ ਰਹੇ ਸਨ ਨੂੰ ਅੱਜ ਪੀ.ਆਰ.ਟੀ.ਸੀ. ਦੀਆਂ ਸਪੈਸ਼ਲ ਬੱਸਾਂ ਰਾਹੀਂ ਫਰੀਦਕੋਟ ਤੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੱਕ ਛੱਡਿਆ ਗਿਆ ਅਤੇ ਇਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ 2 ਵਕਤ ਦਾ ਪੈਕਿੰਗ ਖਾਣਾ ਅਤੇ ਹੋਰ ਸਮਾਨ ਦਿੱਤਾ ਗਿਆ।
ਵਾਪਸ ਆਪਣੇ ਘਰਾਂ ਨੂੰ ਜਾ ਰਹੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਉਨ੍ਹਾਂ ਨੂੰ ਕਰਫਿਊ ਦੌਰਾਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਰਿਹਾਇਸ਼, ਲੰਗਰ ਤੇ ਹੋਰ ਸਹੂਲਤਾਂ ਸਮੇਤ ਵਾਪਸੀ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੱਸਾਂ, ਰੇਲਾਂ ਦਾ ਪ੍ਰਬੰਧ ਕਰਨ ਤੇ ਮੁੱਖ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਫਰ ਦੌਰਾਨ 2 ਵਕਤ ਦਾ ਖਾਣਾ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਲਾਤ ਆਮ ਵਰਗੇ ਹੋਣ ਤੇ ਉਹ ਫਿਰ ਆਪਣੇ ਕੰਮ ਧੰਦੇ ਵਿੱਚ ਲੱਗਣਗੇ।