ਜਲੰਧਰ, 26 ਮਈ 2020 – ਅੱਜ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਜਿੱਥੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ‘ਚ ਮਾਤਮ ਛਾਇਆ ਹੋਇਆ ਹੈ ਤੇ ਭਾਰਤ ‘ਚ ਵੀ ਚਾਰੇ ਪਾਸੇ ਉਦਾਸੀ ਦਾ ਆਲਮ ਹੈ ਤਾਂ ਅਜਿਹੇ ਸੰਕਟ ਦੇ ਸਮੇਂ ਵੀ ਕੁੱਝ ਸੰਵੇਦਨਸ਼ੀਲ ਸ਼ਖਸੀਅਤਾਂ, ਬੁੱਧੀਜੀਵੀ, ਚਿੰਤਕ, ਸਾਹਿਤਕਾਰ ਤੇ ਗਾਇਕ ਆਪੋ ਆਪਣੇ ਪੱਧਰ ‘ਤੇ ਆਸਾਂ ਤੇ ਉਮੀਦਾਂ ਵਾਲਾ ਦੀਵਾ ਜਗਾਈ ਬੈਠੇ ਹਨ। ਉਹ ਆਪਣੀ ਕਲਮ ਨਾਲ ਸਮੁੱਚੀ ਲੋਕਾਈ ਨੂੰ ਆਸ਼ਾਵਾਦੀ ਰਹਿਣ ਦਾ ਸੰਦੇਸ਼ ਦਿੰਦੇ ਹੋਏ ਆਖ ਰਹੇ ਹਨ। ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ‘ਤੇ ਆਪਣੇ ਦਿਲ ਦੇ ਇਹੋ ਜਿਹੇ ਜਜ਼ਬਾਤ ਸਹਿਜ ਸੁਭਾਅ ਹੀ ਕਾਗਜ਼ ‘ਤੇ ਉਕਰਨ ਵਾਲੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਸੂਫੀਆਨਾ ਰਚਨਾ ਨੂੰ ਜਦੋਂ ਨੌਜਵਾਨ ਗਾਇਕ ਅਨਾਦੀ ਮਿਸ਼ਰਾ ਨੇ ਤਰੁੰਨਮ ‘ਚ ਪੇਸ਼ ਕੀਤਾ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਗੀਤ ਸੰਗੀਤ ਪ੍ਰੇਮੀਆਂ ਦੇ ਹੀ ਨਹੀਂ ਸਗੋਂ ਹਰ ਸੰਵੇਦਨਸ਼ੀਲ ਪੰਜਾਬੀ ਦੇ ਦਿਲ ਨੂੰ ਝੰਜੋੜ ਜਾਏਗਾ। ਇਹ ਗੀਤ ਏਨਾ ਮਕਬੂਲ ਹੋ ਰਿਹਾ ਹੈ ਕਿ ਕੁੱਝ ਦਿਨਾਂ ‘ਚ ਹੀ ਸ਼ੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਵੱਡੀ ਗਿਣਤੀ ‘ਚ ਲੋਕਾਂ ਵਲੋਂ ਪਸੰਦ ਕੀਤਾ ਗਿਆ ਹੈ।
ਦੂਰੀਆਂ ਦੇ ਇਸ ਮੌਸਮ ‘ਚ ਸਤਨਾਮ ਸਿੰਘ ਮਾਣਕ ਦੀ ਸੰਜੀਦਾ ਲੇਖਣੀ ‘ਆ ਦਿਲਾ ਕੁੱਝ ਗੱਲਾਂ ਕਰੀਏ ਉਦਾਸੀ ਦੀ ਇਸ ਰੁੱਤ ਤੋਂ ਪਾਰ ਦੀਆਂ’ ਨੂੰ ਅਨਾਦੀ ਮਿਸ਼ਰਾ ਨੇ ਆਪਣੀ ਸੁਰੀਲੀ ਆਵਾਜ਼ ‘ਚ ਪੇਸ਼ ਕਰਕੇ ਇਕ ਤਰ੍ਹਾਂ ਨਾਲ ਆਪਣੇ ਪਰਪੱਕ ਗਾਇਕ ਹੋਣ ਦਾ ਵੀ ਸਬੂਤ ਦਿੱਤਾ ਹੈ। ਸ੍ਰੀ ਦੀਪਕ ਬਾਲੀ ਵਲੋਂ ਕੁਦਰਤ ਦਾ ਸੁੰਦਰ ਨਜ਼ਾਰਾ ਪੇਸ਼ ਕਰਦੀ ਬਣਾਈ ਵੀਡੀਓ ‘ਚ ਮਾਣਕ ਦੇ ਲਿਖੇ ਗੀਤ ਦੇ ਬੋਲ ਅਤੇ ਅਨਾਦੀ ਮਿਸ਼ਰਾ ਦੀ ਗਾਇਕੀ ਦਾ ਸੁੰਦਰ ਸੁਮੇਲ ਲੋਕਾਂ ਨੂੰ ਨਿਰਾਸ਼ਾ ਤੋਂ ਦੂਰ ਆਸ ਤੇ ਉਮੀਦ ਦੇ ਉਸ ਮਾਹੌਲ ‘ਚ ਲੈ ਜਾਂਦਾ ਹੈ, ਜਿੱਥੇ ਮਨੁੱਖ ਕੁਦਰਤ ਨਾਲ ਇਕ ਮਿਕ ਹੋਇਆ ਦਿਖਾਈ ਦਿੰਦਾ ਹੈ। ਗੀਤ ‘ਚ ਲੇਖਕ ਦਾ ਮੰਨਣਾ ਹੈ ਕਿ ਬੇਸ਼ੱਕ ਕੋਰੋਨਾ ਨੇ ਦੁਨੀਆਂ ਭਰ ‘ਚ ਭਾਰੀ ਤਬਾਹੀ ਮਚਾਈ ਹੈ ਪਰ ਇਸ ਨੇ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਵੀ ਦਿੱਤਾ ਹੈ, ਕਿ ਕਿਸ ਕਦਰ ਇਨਸਾਨ ਆਪਣੇ ਸਵਾਰਥ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਤੇ ਅੱਜ ਜਦੋਂ ਦੁਨੀਆਂ ਦੀ ਰਫਤਾਰ ਰੁਕ ਗਈ ਹੈ ਤਾਂ ਕੁਦਰਤ ਦਾ ਇਕ ਵਾਰ ਫਿਰ ਸਹਿਜ ਤੇ ਸੁੰਦਰ ਰੂਪ ਸਾਹਮਣੇ ਆ ਰਿਹਾ ਹੈ, ਜਿਸ ਨੂੰ ਹਰ ਇਕ ਇਨਸਾਨ ਨੂੰ ਮਾਨਣਾ ਚਾਹੀਦਾ ਹੈ ਤੇ ਆਪਣੀਆਂ ਆਦਤਾਂ ਬਦਲਣੀਆਂ ਚਾਹੀਦੀਆਂ ਹਨ।
ਗਾਇਕ ਅਨਾਦੀ ਮਿਸ਼ਰਾ ਨੇ ਇਸ ਗੀਤ ਬਾਬਤ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੇ ਸਮੇਂ ਬਿਲਕੁੱਲ ਵੱਖਰੇ ਤੇ ਸੰਜੀਦਾ ਵਿਸ਼ੇ ‘ਤੇ ਗੀਤ ਗਾਉਣਾ ਉਸ ਲਈ ਵੱਖਰਾ ਹੀ ਤਜ਼ਰਬਾ ਸੀ ਤੇ ਖਾਸ ਕਰਕੇ ਸਤਨਾਮ ਸਿੰਘ ਮਾਣਕ ਵਰਗੀ ਕਲਮ ਨੂੰ ਆਵਾਜ਼ ਦੇਣੀ ਇਕ ਵੱਡੀ ਚੁਣੌਤੀ ਸੀ ਪਰ ਸ੍ਰੀ ਮਾਣਕ ਦੀ ਹੱਲਾਸ਼ੇਰੀ ਤੇ ਸਹਿਯੋਗ ਨਾਲ ਉਹ ਇਸ ਗੀਤ ਨੂੰ ਲੋਕਾਂ ਦੀ ਕਚਹਿਰੀ ‘ਚ ਪੇਸ਼ ਕਰ ਪਾਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਸਰੋਤਿਆਂ ਵਲੋਂ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਉਸ ਵਲੋਂ ਇਸ ਗੀਤ ‘ਤੇ 10 -15 ਮਿੰਟ ਦੀ ਇਕ ਵਿਸ਼ੇਸ਼ ਆਈਟਮ ਤਿਆਰ ਕੀਤੀ ਜਾ ਰਹੀ ਹੈ, ਜੋ ਸਟੇਜਾਂ ‘ਤੇ ਪੇਸ਼ ਕੀਤੀ ਜਾਇਆ ਕਰੇਗੀ।