ਸਰੀ, 26 ਮਈ 2020- ਪਿਛਲੇ ਦਸ ਦਿਨਾਂ ਤੋਂ ਡੈਲਟਾ ਦੇ ਲਾਪਤਾ ਹੋਏ 88 ਸਾਲਾ ਬਜ਼ੁਰਗ ਜਰਨੈਲ ਸਿੰਘ ਸੰਘੇੜਾ ਦੇ ਪਰਿਵਾਰ ਅਤੇ ਡੈਲਟਾ ਪੁਲਿਸ ਨੂੰ ਉਸ ਸਮੇਂ ਬੇਹੱਦ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਬੀਤੀ ਰਾਤ ਜਰਨੈਲ ਸਿੰਘ ਸੰਘੇੜਾ ਇਕ ਲਾਸ਼ ਦੇ ਰੂਪ ਵਿਚ ਮਿਲਿਆ।
ਡੈਲਟਾ ਪੁਲਿਸ ਵੱਲੋਂ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਐਤਵਾਰ ਰਾਤ (24 ਮਈ) ਨੂੰ ਸੂਚਨਾ ਮਿਲੀ ਕਿ ਰਿਵਰ ਵੇਅ ਦੇ 10000 ਬਲਾਕ ਵਿੱਚ ਇੱਕ ਬਿਜ਼ਨਸ ਕੰਪਲੈਕਸ ਦੇ ਇੱਕ ਰਿਮੋਟ ਜੰਗਲ ਵਾਲੇ ਕੋਨੇ ਵਿੱਚ ਕੋਈ ਮ੍ਰਿਤਕ ਦੇਹ ਪਈ ਹੈ, ਜੋ ਲਾਪਤਾ 88 ਸਾਲਾ ਵਿਅਕਤੀ ਦੀ ਸੀ। ਡੈਲਟਾ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਜਰਨੈਲ ਸਿੰਘ ਸੰਘੇੜਾ ਦੇ ਪਰਿਵਾਰ ਨੂੰ ਸੂਚਿਤ ਕਰ ਕੇ ਘਟਨਾ ਸਥਾਨ ਤੇ ਬੁਲਾਇਆ ਅਤੇ ਉਸ ਦੀ ਪਛਾਣ ਕੀਤੀ ਗਈ।
ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਸੰਘੇੜਾ ਡਾਈਮੈਂਸ਼ੀਆ ਅਤੇ ਸ਼ੂਗਰ ਦਾ ਮਰੀਜ਼ ਸੀ। ਉਹ 15 ਮਈ ਦੀ ਸਵੇਰ ਨੂੰ ਨੌਰਡਲ ਵੇਅ ਅਤੇ 116 ਐਵੀਨਿਊ ਨੇੜੇ ਆਪਣੇ ਘਰੋਂ ਨਿਕਲਿਆ ਸੀ ਅਤੇ ਬਾਅਦ ਵਿਚ ਉਸ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗਿਆ। ਡੈਲਟਾ ਪੁਲਿਸ, ਸੰਘੇੜਾ ਦਾ ਪਰਿਵਾਰ ਅਤੇ ਕਈ ਵਲੰਟੀਅਰ ਪਿਛਲੇ 10 ਦਿਨਾਂ ਤੋਂ ਉਸ ਦੀ ਭਾਲ ਵਿਚ ਲੱਗੇ ਹੋਏ ਸਨ।