ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਕਿਸਾਨ ਹਿੱਤ ਦਾ ਹਰ ਫੈਸਲਾ ਤੁਰੰਤ ਲੈ ਰਹੀ ਹੈ| ਇਸ ਕੜੀ ਵਿਚ ਰਬੀ ਬੁਆਈ ਸੀਜਨ ਲਈ 7 ਜਿਲਿਆਂ ਵਿਚ ਖੇਤੀਬਾੜੀ ਟਿਊਬਵੈਲਾਂ ਲਈ ਬਿਜਲੀ ਸਪਲਾਈ ਸਮੇਂ 8 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੀ ਗਈ ਹੈ| ਇਸ ਦੇ ਨਾਲ ਹੀ ਬਾਜਾਰ ਵਿਚ ਖੰਡ ਦੇ ਭਾਅ ਕਾਫੀ ਨਾ ਹੋਣ ਦੇ ਬਾਵਜੂਦ ਕਿਸਾਨਾਂ ਦੀ ਮੰਗ ‘ਤੇ ਗੰਨੇ ਦੇ ਭਾਅ ਵਿਚ 10 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਇਹ ਭਾਅ 340 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 350 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ, ਜੋ ਦੇਸ਼ ਵਿਚ ਸੱਭ ਤੋਂ ਵੱਧ ਹਨ|ਮੁੱਖ ਮੰਤਰੀ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸਿਰਫ ਕਿਸਾਨਾਂ ਦੇ ਨਾਂਅ ‘ਤੇ ਦਿਖਾਵੇ ਦੀ ਰਾਜਨੀਤੀ ਕਰਨਾ ਹੈ, ਜਦੋਂ ਕਿ ਸਰਕਾਰ ਕਿਸਾਨ ਹਿੱਤ ਵਿਚ ਜੋ ਵੀ ਸਹੀ ਹੁੰਦਾ ਹੈ, ਉਸ ਨੂੰ ਕਰ ਕੇ ਦਿਖਾਊਂਦੀ ਹੈ|ਐਮਬੀਬੀਐਸ ਦੀ ਫੀਸ ਵਧਾਉਣ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਐਮਬੀਬੀਐਸ ਦੀ ਫੀਸ ਜੋ ਪਹਿਲਾਂ 60,000 ਰੁਪਏ ਪ੍ਰਤੀ ਸਾਲ ਸੀ, ਉਨਾਂ ਨੂੰ ਵਧਾ ਕੇ 80,000 ਰੁਪਏ ਪ੍ਰਤੀ ਸਾਲ ਕੀਤਾ ਗਿਆ ਹੈ| ਉਨਾਂ ਨੇ ਕਿਹਾ ਕਿ 10 ਲੱਖ ਰੁਪਏ ਦਾ ਬਾਂਡ ਐਮਬੀਬੀਐਸ ਕਰਨ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਤੋਂ ਭਰਵਾਇਆ ਜਾਵੇਗਾ ਅਤੇ ਇਹ ਬਾਂਡ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਇਕ ਪ੍ਰਾਵਧਾਨ ਹੋਵੇਗਾ|ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਇਸ ‘ਤੇ ਵੀ ਅਫਵਾਹ ਫੈਲਾਉਣ ਵਿਚ ਲਗਿਆ ਹੈ, ਜੋ ਬਿਲਕੁਲ ਗਲਤ ਹੈ| ਉਨਾਂ ਨੇ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਤਾਂ 12 ਤੋਂ 15 ਲੱਖ ਰੁਪਏ ਪ੍ਰਤੀ ਸਾਲ ਫੀਸ ਲਈ ਜਾਂਦੀ ਹੈ, ਜਦੋਂ ਕਿ ਸਰਕਾਰੀ ਕਾਲਜਾਂ ਵਿਚ ਫੀਸ ਵਧਾਉਣ ਦੇ ਬਾਵਜੂਦ ਪੂਰੀ ਐਮਬੀਬੀਐਸ ਪੜਾਈ ਦੀ ਫੀਸ 4 ਲੱਖ ਰੁਪਏ ਹੀ ਬਣਦੀ ਹੈ|