ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵ੍ਹਾਈਟ ਹਾਊਸ ਅਤੇ ਅਮਰੀਕੀ ਸੱਤਾ ਦੀ ਕਮਾਨ ਜੋਏ ਬਾਈਡੇਨ ਦੇ ਹਵਾਲੇ ਕਰਨ ਤੋਂ ਬਾਅਦ ਨਵੇਂ ਰਾਸ਼ਟਰਪਤੀ ਲਈ ਕੋਰੋਨਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ।ਪਰ ਇਸ ਮਹਾਂਮਾਰੀ ਪ੍ਰਤੀ ਉਹਨਾਂ ਦੀ ਰਣਨੀਤੀ ਪ੍ਰਭਾਵੀ ਢੰਗ ਨਾਲ ਬਦਲੇਗੀ। ਜਨਤਕ ਸਿਹਤ ਮਾਹਰ ਇਸ ਮਾਮਲੇ ਸੰਬੰਧੀ ਇੱਕ ਵੱਡੀ ਪ੍ਰਭਾਵੀ ਵਿਵਸਥਾ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ ਜਿਸ ਵਿੱਚ ਵਿਗਿਆਨ, ਵਧੀਆ ਸੰਚਾਰ, ਆਰਥਿਕਤਾ ਤੇ ਜਨਤਕ ਸਿਹਤ ਨੂੰ ਵਧਾਉਣ ਦੇ ਯਤਨ ਹੋਣਗੇ। ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਸ਼ਿਫਟ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਜਾਰਜਟਾਉਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਨੈਸ਼ਨਲ ਐਂਡ ਗਲੋਬਲ ਹੈਲਥ ਲਾਅ ਦੇ ਡਾਇਰੈਕਟਰ ਲਾਰੈਂਸ ਗੋਸਟਿਨ ਅਨੁਸਾਰ ਜਨਤਾ ਜਲਦ ਹੀ ਵ੍ਹਾਈਟ ਹਾਊਸ ਤੋਂ ਵਿਗਿਆਨਿਕ ਸੰਦੇਸ਼ਾਂ ਵਿੱਚ ਇੱਕ ਵਿਸ਼ਾਲ ਤਬਦੀਲੀ ਨੂੰ ਨੋਟ ਕਰੇਗੀ। ਇੰਨਾ ਹੀ ਨਹੀ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਲੰਬੇ ਸਮੇਂ ਤੋਂ ਚਿਹਰੇ ਨੂੰ ਮਾਸਕ ਨਾਲ ਢੱਕ ਰਹੇ ਹਨ ਅਤੇ ਜਨਤਕ ਤੌਰ ਤੇ ਵੀ ਦੂਜਿਆਂ ਤੋਂ ਦੂਰੀ ਬਣਾਈ ਰੱਖਦੇ ਹਨ, ਅਤੇ ਉਹ ਮਾਸਕ ਪਾਉਣ ਨੂੰ ਜਾਰੀ ਅਤੇ ਜਰੂਰੀ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਸਾਬਕਾ ਰਾਸ਼ਟਰਪਤੀ ਓਬਾਮਾ ਦੇ ਅਧੀਨ ਰੋਗ ਨਿਯੰਤਰਣ ਅਤੇ ਰੋਕਥਾਮ ਲਈ ਯੂ ਐਸ ਏ ਸੈਂਟਰ ਚਲਾਉਣ ਵਾਲੇ ਡਾ. ਟੌਮ ਫ੍ਰਾਈਡਨ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਲੋਕਾਂ ਨਾਲ ਗੱਲਬਾਤ ਅਤੇ ਤਾਲਮੇਲ ਕਰਨ ਵਿੱਚ ਵਧੇਰੇ ਬਿਹਤਰ ਹੋਵੇਗਾ। ਬਾਈਡੇਨ ਨੇ ਟੈਸਟਿੰਗ ਨੂੰ ਵਿਆਪਕ ਤੌਰ ਤੇ ਉਪਲਬਧ ਕਰਾਉਣ ਅਤੇ ਮੁਫਤ ਕਰਨ, ਰਾਸ਼ਟਰੀ ਨਿਗਰਾਨੀ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਹੈ। ਇਸਦੇ ਇਲਾਵਾ ਉਸਨੇ ਸਿਹਤ ਕਾਮਿਆਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵੰਡ ਕਰਨ ਲਈ ਇੱਕ ਰਾਸ਼ਟਰੀ ਯੋਜਨਾ ਛੇਤੀ ਸ਼ੁਰੂ ਕਰਨ ਦੇ ਨਾਲ ਸਕੂਲ ਖੋਲ੍ਹਣ, ਯਾਤਰਾ ਅਤੇ ਇਕੱਠਾਂ ਬਾਰੇ ਸਪਸ਼ਟ ਸੁਝਾਵਾਂ ਦੀ ਮੰਗ ਵੀ ਕੀਤੀ ਹੈ।