ਨਵੀਂ ਦਿੱਲੀ – ਪੂਰਬੀ ਲੱਦਾਖ ’ਚ ਚੀਨ ਨਾਲ ਸਰਹੱਦੀ ਵਿਵਾਦ ਦੇ ਸੱਤਵੇਂ ਮਹੀਨੇ ’ਚ ਦਾਖ਼ਲ ਹੋਣ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਇਕ ਧਿਰੀ ਅਤੇ ਹਮਲਾਵਰ ਰੁਖ ਤੋਂ ਆਪਣੀ ਖੁਦਮੁਖਤਿਆਰੀ ਅਤੇ ਪ੍ਰਦੇਸ਼ਕ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਰਤਾ ਰਾਹੀਂ ਮੱਤਭੇਦਾਂ ਦੇ ਸ਼ਾਂਤਮਈ ਹੱਲ ਨੂੰ ਅਹਿਮੀਅਤ ਦਿੰਦਾ ਹੈ ਅਤੇ ਸਰਹੱਦ ’ਤੇ ਸ਼ਾਂਤੀ ਕਾਇਮ ਰੱਖਣ ਨਾਲ ਜੁੜੇ ਵੱਖ ਵੱਖ ਸਮਝੌਤਿਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਨੈਸ਼ਨਲ ਡਿਫੈਂਸ ਕਾਲਜ ਵੱਲੋਂ ਕਰਵਾਏ ਗਏ ਵਰਚੁਅਲ ਸੈਮੀਨਾਰ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸ਼ਾਂਤੀ ਪਸੰਦ ਮੁਲਕ ਹੈ ਅਤੇ ਉਸ ਦਾ ਮੰਨਣਾ ਹੈ ਕਿ ਮੱਤਭੇਦ, ਵਿਵਾਦ ’ਚ ਤਬਦੀਲ ਨਹੀਂ ਹੋਣੇ ਚਾਹੀਦੇ ਹਨ। ਆਪਣੇ ਸੰਬੋਧਨ ਦੌਰਾਨ ਰਾਜਨਾਥ ਸਿੰਘ ਨੇ ਭਾਰਤ ਦੀ ਫ਼ੌਜੀ ਤਾਕਤ ਵਧਾਉਣ ਅਤੇ ਰੱਖਿਆ ਸਾਜ਼ੋ-ਸਾਮਾਨ ਦੇ ਮੁਲਕ ’ਚ ਉਤਪਾਦਨ ਲਈ ਉਠਾਏ ਜਾ ਰਹੇ ਕਦਮਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜੰਗ ਰੋਕਣ ਦੀ ਸਮਰੱਥਾ ਹਾਸਲ ਕਰਕੇ ਹੀ ਸ਼ਾਂਤੀ ਯਕੀਨੀ ਬਣਾਈ ਜਾ ਸਕਦੀ ਹੈ। ਰੱਖਿਆ ਮੰਤਰੀ ਨੇ ਪਾਕਿਸਤਾਨ ਬਾਰੇ ਕਿਹਾ ਕਿ ਉਹ ਅਤਿਵਾਦ ਨੂੰ ਸ਼ਾਸਕੀ ਨੀਤੀ ਵਜੋਂ ਇਸਤੇਮਾਲ ਕਰਨ ਲਈ ਬਜ਼ਿਦ ਹੈ।