ਮੁੰਬਈ ਇੰਡੀਅਨਜ਼ ਦੇ ਚਾਰ ਬਾਰ ਦੇ ਚੈਂਪੀਅਨ ਦੀ ਤਰ੍ਹਾ ਵੱਡੇ ਮੈਚਾਂ ‘ਚ ਖੇਡਣ ਦੇ ਅਨੁਭਵ ਦਾ ਵਧੀਆ ਨਜ਼ਾਰਾ ਪੇਸ਼ ਕਰਕੇ ਵੀਰਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੂੰ 57 ਦੌੜਾਂ ਨਾਲ ਕਰਾਰੀ ਹਾਰ ਦੇ ਕੇ 6ਵੀਂ ਬਾਰ ਇੰਡੀਅਨ ਪ੍ਰੀਮੀਅਰ ਲੀਗ-13 ਸੈਸ਼ਨ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ। ਮੌਜੂਦਾ ਚੈਂਪੀਅਨ ਮੁੰਬਈ ਨੇ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ‘ਤੇ 200 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ‘ਚ ਦਿੱਲੀ ਦੀ ਟੀਮ 8 ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਮੁੰਬਈ ਇਸ ਤੋਂ ਪਹਿਲਾਂ 2010, 2013, 2015, 2017 ਤੇ 2019 ‘ਚ ਵੀ ਫਾਈਨਲ ‘ਚ ਪਹੁੰਚਿਆ ਸੀ। ਦਿੱਲੀ ਦਾ ਸਫਰ ਅਜੇ ਖਤਮ ਨਹੀਂ ਹੋਇਆ ਹੈ। ਉਹ ਦੂਜੇ ਕੁਆਲੀਫਾਇਰ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਐਲਿਮੀਨੇਟਰ ਦੇ ਜੇਤੂ ਨਾਲ ਭਿੜੇਗੀ।ਮੁੰਬਈ ਟੀਮ ਵਲੋਂ ਕਵਿੰਟਨ ਡੀ ਕੌਕ (25 ਗੇਂਦਾਂ ‘ਤੇ 40), ਸੂਰਯਕੁਮਾਰ ਯਾਦਵ (38 ਗੇਂਦਾਂ ‘ਤੇ 51 ਦੌੜਾਂ), ਇਸ਼ਾਨ ਕਿਸ਼ਨ (30 ਗੇਂਦਾਂ ‘ਤੇ ਅਜੇਤੂ 55 ਦੌੜਾਂ) ਅਤੇ ਡੈੱਥ ਓਵਰਾਂ ‘ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਹਾਰਦਿਕ ਪੰਡਯਾ (14 ਗੇਂਦਾਂ ‘ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 37) ਦੇ ਯੋਗਦਾਨ ਨਾਲ ਵੱਡਾ ਸਕੋਰ ਬਣਾਉਣ ‘ਚ ਸਫਲ ਰਿਹਾ। ਮੁੰਬਈ ਨੇ ਆਖਰੀ ਤਿੰਨ ਓਵਰਾਂ ‘ਚ 55 ਦੌੜਾਂ ਬਣਾਈਆਂ।ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ (14 ਦੌੜਾਂ ‘ਤੇ 4 ਵਿਕਟਾਂ) ਤੇ ਟ੍ਰੇਂਟ ਬੋਲਟ (2 ਓਵਰਾਂ ‘ਚ 9 ਦੌੜਾਂ 2 ਵਿਕਟਾਂ) ਨੇ ਸ਼ਾਨਰਦਾਰ ਗੇਂਦਬਾਜ਼ੀ ਕੀਤੀ ਤੇ ਦਿੱਲੀ ਨੂੰ ਪਹਿਲੇ 2 ਓਵਰਾਂ ‘ਚ ਹੀ ਬੈਕਫੁੱਟ ‘ਤੇ ਭੇਜ ਦਿੱਤਾ। ਦਿੱਲੀ ਦੀ ਅੱਧੀ ਟੀਮ 41 ਦੌੜਾਂ ‘ਤੇ ਪੈਵੇਲੀਅਨ ਜਾ ਚੁੱਕੀ ਸੀ। ਮਾਰਕਸ ਸਟੋਇੰਸ (46 ਗੇਂਦਾਂ ‘ਤੇ 65) ਤੇ ਅਕਸ਼ਰ ਪਟੇਲ (33 ਗੇਂਦਾਂ ‘ਤੇ 42) ਨੇ 6ਵੇਂ ਵਿਕਟ ਦੇ ਲਈ 71 ਦੌੜਾਂ ਦੀ ਸਾਂਝੇਦਾਰੀ ਕਰ ਹਾਰ ਦੇ ਅੰਤਰ ਨੂੰ ਘੱਟ ਕੀਤਾ। ਵੱਡੇ ਟੀਚੇ ਦੇ ਸਾਹਮਣੇ ਦਿੱਲੀ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਬੋਲਟ ਨੇ ਪਹਿਲੇ ਓਵਰ ‘ਚ ਹੀ ਪ੍ਰਿਥਵੀ ਸ਼ਾਹ ਤੇ ਅਜਿੰਕਯ ਰਹਾਣੇ ਨੂੰ ਆਊਟ ਕੀਤਾ ਤਾਂ ਬੁਮਰਾਹ ਨੇ ਅਗਲੇ ਓਵਰ ‘ਚ ਸ਼ਿਖਰ ਧਵਨ ਨੂੰ ਆਊਟ ਕਰ ਦਿੱਤਾ। ਮੁੰਬਈ ਨੇ ਦਿੱਲੀ ਨੂੰ ਲੀਗ ਮੈਚਾਂ ‘ਚ ਦੋਵੇ ਬਾਰ ਹਰਾਇਆ ਸੀ।