ਨਵੀਂ ਦਿੱਲੀ, 14 ਜਨਵਰੀ, 2025: ਦਿੱਲੀ ਵਿਧਾਨ ਸਭਾ ਚੋਣਾਂ ਦੰਗਲ ਵਿਚ ਹੁਣ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਇਕ ਦੂਜੇ ਖਿਲਾਫ ਬੋਲਣ ਲੱਗ ਪਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਇੰਡੀਆ ਬਲਾਕ ਵਿਚ ਭਾਈਵਾਲ ਪਾਰਟੀਆਂ ਹਨ ਪਰ ਦਿੱਲੀ ਵਿਧਾਨ ਸਭਾ ਚੋਣਾਂ ਦੋਵੇਂ ਅੱਡ-ਅੱਡ ਲੜ ਰਹੀਆਂ ਹਨ।
ਰਾਹੁਲ ਗਾਂਧੀ ਨੇ ਦਿੱਲੀ ਚੋਣਾਂ ਵਿਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਬਿਲਕੁਲ ਨਰਿੰਦਰ ਮੋਦੀ ਵਾਂਗੂ ਹਨ। ਉਹਨਾਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਦਿੱਲੀ ਵਿਚ ਪ੍ਰਦੂਸ਼ਣ ਤੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾ ਸਕੀ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਸਨ।
ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਜ਼ਰੀਏ ਆਪਣਾ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਬਹੁਤ ਮੰਦਾ ਚੰਗਾ ਕਿਹਾ ਪਰ ਉਹ ਇਸਦਾ ਜਵਾਬ ਨਹੀਂ ਦੇਣਗੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਪਰ ਉਹ ਆਪ ਦੇਸ਼ ਬਚਾਉਣ ਦੀ ਲੜਾਈ ਲੜ ਰਹੇ ਹਨ।