ਹਨੋਈ – ਵਿਅਤਨਾਮ ਵਿਚ ਤਬਾਹੀ ਮਚਾ ਕੇ ਭਿਆਨਕ ਤੂਫਾਨ ਮੋਲਾਵੋ ਇੱਥੋਂ ਅੱਗੇ ਵੱਧ ਗਿਆ| ਅਧਿਕਾਰੀਆਂ ਮੁਤਾਬਕ ਇੱਥੇ 20 ਸਾਲ ਵਿਚ ਆਇਆ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਤੂਫ਼ਾਨ ਸੀ ਅਤੇ ਇਸ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ, ਕਿਸ਼ਤੀਆਂ ਡੁੱਬ ਗਈਆਂ ਅਤੇ ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ|ਤੂਫ਼ਾਨ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 35 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ| ਬਚਾਅ ਅਧਿਕਾਰੀਆਂ ਦਾ ਖਾਸ ਧਿਆਨ ਦੇਸ਼ ਦੇ ਮੱਧ ਖੇਤਰ ਦੇ ਉਨ੍ਹਾਂ ਤਿੰਨ ਪਿੰਡਾਂ ਤੇ ਹਨ, ਜਿੱਥੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਅਜਿਹੇ ਵਿਚ ਖਦਸ਼ਾ ਹੈ ਕਿ 40 ਤੋਂ ਵਧੇਰੇ ਲੋਕ ਚਿੱਕੜ ਅਤੇ ਮਲਬੇ ਵਿਚ ਦੱਬੇ ਹਨ| ਉਪ ਪ੍ਰਧਾਨ ਮੰਤਰੀ ਤ੍ਰਿਨਹ ਦਿਨਹ ਡੰਗ ਉਸ ਸਥਾਨ ਤੇ ਗਏ, ਜਿੱਥੇ ਜ਼ਮੀਨ ਖਿਸਕੀ ਹੈ ਅਤੇ ਫ਼ੌਜ ਬੁਲਡੋਜਰਾਂ ਦੀ ਮਦਦ ਨਾਲ ਮਲਬਾ ਹਟਾ ਰਹੀ ਹੈ| ਉਨ੍ਹਾਂ ਨੇ ਅਧਿਕਾਰੀਆਂ ਨੂੰ ਤਤਕਾਲ ਰਾਹਤ ਤੇ ਬਚਾਅ ਕਾਰਜ ਲਈ ਹੋਰ ਫ਼ੌਜੀ ਭੇਜਣ ਦਾ ਹੁਕਮ ਦਿੱਤਾ| ਮਰਨ ਵਾਲਿਆਂ ਵਿਚ 12 ਮਛੇਰੇ ਹਨ, ਜਿਨ੍ਹਾਂ ਦੀਆਂ ਕਿਸ਼ਤੀਆਂ ਬੁੱਧਵਾਰ ਨੂੰ ਤੂਫ਼ਾਨ ਕਾਰਨ ਡੁੱਬ ਗਈਆਂ ਸਨ ਤੇ 14 ਹੋਰ ਮਛੇਰੇ ਲਾਪਤਾ ਹਨ|