ਚੰਡੀਗੜ – ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਵੇਂ ਉਦਯੋਗਾਂ ਦੀ ਸਥਾਪਤੀ, ਉਦਯੋਗੀਕਰਨ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਉਪਰਾਲੇ ਜਾਰੀ ਹਨ ਅਤੇ ਪਿਛਲੇ 3 ਸਾਲਾਂ ਵਿਚ ਰਾਜ ਅੰਦਰ ਉਦਯੋਗਿਕ ਖੇਤਰ ਵਿੱਚ 65 ਹਜ਼ਾਰ ਕਰੋੜ ਰੁਪਏ ਤੋ ਵੱਧ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਸੂਬੇ ਦੀ ਆਰਥਿਕਤਾ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋਵੇਗੀ। ਇਹ ਪ੍ਰਗਟਾਵਾ ਮੁੱਖ ਸਕੱਤਰ ਪੰਜਾਬ ਮੈਡਮ ਵਿਨੀ ਮਹਾਜਨ ਨੇ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਰਾਜ ਵਿੱਚ ਉਦਯੋਗਾਂ ਨੂੰ ਸਥਾਪਤ ਕਰਨ ਲਈ ਸਰਕਾਰ ਵੱਲੋਂ ਬਿਜਲੀ, ਜ਼ਮੀਨ, ਸਬਸਿਡੀ ਸਮੇਤ ਹੋਰ ਸਹੂਲਤਾਂ ਉਦਯੋਗਪਤੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਤਰਾਂ ਕਰਨ ਨਾਲ ਸੂਬੇ ਅੰਦਰ ਉਦਯੋਗ ਲਾਉਣ ਲਈ ਉਦਯੋਗਪਤੀਆਂ ਦਾ ਰੁਝਾਨ ਵਧਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਖੇਤਰ ਵਿੱਚ ਉਦਯੋਗ ਲਾਉਣ ਲਈ ਵੀ ਉਦਯੋਗਪਤੀਆ ਨੂੰ ਉਤਸ਼ਾਹਿਤ ਕਰ ਰਹੀ ਹੈ।ਮੁੱਖ ਸਕੱਤਰ ਮੈਡਮ ਵਿਨੀ ਮਹਾਜਨ ਨੇ ਅੱਗੇ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ 500 ਡਾਕਟਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਨਰਸਾਂ, ਲੈਬ ਅਟੈਂਡਟ ਸਮੇਤ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਕਰ ਲਈ ਗਈ ਹੈ ਅਤੇ ਆਉਣ ਵਾਲੇ ਕੁਝ ਦਿਲਾਂ ਵਿਚ ਹੀ ਉਨਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ, ਇਸ ਤਰਾਂ ਕਰਨ ਨਾਲ ਸੂਬੇ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮੱਦਦ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਰੁਕਣ ਕਾਰਨ ਕੋਲੇ ਦੀ ਕਮੀ ਆ ਰਹੀ ਹੈ ਜਿਸ ਕਾਰਨ ਸੂਬੇ ਅੰਦਰ ਬਿਜਲੀ ਉਤਪਾਦਨ ਵਿੱਚ ਦਿੱਕਤ ਆ ਰਹੀ ਹੈ। ਉਨਾ ਇਹ ਵੀ ਦੱਸਿਆ ਕਿ ਵੱਲੋਂ ਇਸ ਸੰਬੰਧੀ ਰੇਲ ਮੰਤਰੀ ਨਾਲ ਗੱਲ ਕੀਤੀ ਗਈ ਹੈ ।ਉਨਾਂ ਕਿਹਾ ਕਿ ਕੋਵਿਡ ਕਾਰਨ ਰੁਕੇ ਵਿਕਾਸ ਕਾਰਜਾਂ, ਯੋਜਨਾਵਾਂ ਨੂੰ ਮੁੜ ਸ਼ੁਰੂ ਕਰਕੇ ਸਮੇਂ ਸਿਰ ਮੁਕੰਮਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਮੁੱਖ ਸਕੱਤਰ ਮੈਡਮ ਵਿਨੀ ਮਹਾਜਨ ਨੇ ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰਾਂ ਅਤੇ ਸੈਕਟਰੀ ਜ਼ਿਲਾ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸ੍ਰੀ ਵੀ.ਕੇ. ਜੰਜੂਆ ਵਧੀਕ ਮੁੱਖ ਸਕੱਤਰ, ਸ੍ਰੀ ਅਨੁਰਾਗ ਵਰਮਾ ਪਿ੍ਰੰਸੀਪਲ ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਡੀ.ਕੇ. ਤਿਵਾੜੀ ਪਿ੍ਰੰਸੀਪਲ ਸੈਕਟਰੀ, ਸ੍ਰੀ ਸੁਮੇਰ ਸਿੰਘ ਗੁਰਜਰ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਸ੍ਰੀ ਹਰਦਿਆਲ ਸਿੰਘ ਮਾਨ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਗੁਰਪਾਲ ਸਿੰਘ ਚਾਹਲ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੀ ਹਾਜ਼ਰ ਸਨ। ਉਨਾਂ ਡਿਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਜੀ.ਐੱਸ.ਟੀ, ਐਕਸਾਇਜ਼ ਡਿਊਟੀ, ਨਸ਼ਾ ਤਸਕਰਾਂ ਤੇ ਕੀਤੀ ਗਈ ਕਾਰਵਾਈ, ਸਟੈਪ ਡਿਊਟੀ, ਰਜਿਸਟਰੀਆਂ, ਕੋਰਟ ਕੇਸ, ਨਿਸ਼ਾਨਦੇਹੀਆਂ, ਕੋਵਿਡ ਕਿੱਟਾਂ ਦੀ ਵੰਡ, ਕਰੋਨਾ ਦੇ ਲੱਛਣ ਹੋਣ ਤੇ ਲੋਕਾਂ ਨੂੰ ਜਲਦ ਤੋਂ ਜਲਦ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ, ਐੱਨ.ਡੀ.ਆਰ.ਐੱਫ., ਸਰਕਾਰੀ ਦਫਤਰਾਂ ਵਿੱਚ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ, ਡੇਂਗੂ ਲਈ ਕੀਤੇ ਗਏ ਪ੍ਰਬੰਧਾਂ, ਨੈਸ਼ਨਲ ਹੈਲਥ ਮਿਸ਼ਨ, ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਬਰਾਬਰ ਲਿਆਉਣ, ਕੁਪੋਸ਼ਣ, ਕੋਵਿਡ ਕਾਰਨ ਰੁਕੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਸਬੰਧੀ ਜ਼ਿਲਿਆਂ ਅੰਦਰ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਮੁੱਖ ਸਕੱਤਰ ਮੈਡਮ ਵਿਨੀ ਮਹਾਜਨ ਨੇ ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਸਾੜੇ ਜਾਣ ਦੀ ਮੌਜੂਦਾ ਸਥਿਤੀ ਬਾਰੇ ਵੀ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਜਾਣਕਾਰੀ ਹਾਸ਼ਲ ਕੀਤੀ। ਉਹਨਾਂ ਪਰਾਲੀ ਸਾੜਨ ਦੇ ਘੱਟ ਰਹੇ ਰੁਝਾਨ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਕੀਤੇ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਾ ਵਰਤੀ ਜਾਵੇ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਇਸ ਮੌਕੇ ਐੱਸ.ਐੱਸ.ਪੀ. ਫਿਰੋਜ਼ਪੁਰ ਸ੍ਰੀ ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰਾਜਦੀਪ ਕੌਰ, ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਅਮਿਤ ਗੁਪਤਾ, ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਰਵਿੰਦਰ ਅਰੋੜਾ, ਐਸ.ਡੀ.ਐਮ. ਜ਼ੀਰਾ ਸ. ਰਣਜੀਤ ਸਿੰਘ ਵੀ ਹਾਜ਼ਰ ਸਨ।