ਕੈਲੀਫੋਰਨੀਆ – ਅਮਰੀਕਾ ਵਿੱਚ ਪੁਲਿਸ ਹੱਥੋਂ ਆਮ ਲੋਕਾਂ ਦੀਆਂ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਹੁਣ ਫਿਲਡੇਲਫਿਯਾ ਦੇ ਦੋ ਪੁਲਿਸ ਅਧਿਕਾਰੀਆਂ ਨੇ ਚਾਕੂ ਫੜੇ ਇੱਕ 27 ਸਾਲਾ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਕੇ ਉਸਦੀ ਹੱਤਿਆ ਕਰ ਦਿੱਤੀ ਜਿਸ ਦੌਰਾਨ ਉਸਦੀ ਮਾਂ ਨੇੜਿਓਂ ਵੇਖ ਰਹੀ ਸੀ। ਉਦੋਂ ਤੋਂ ਹੀ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਾਲਟਰ ਵਾਲੈਸ ਜੂਨੀਅਰ ਨਾਮ ਦੇ ਇਸ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੀ ਵੀਡੀਓ ਇੱਕ ਸੈਲਫ਼ੋਨ ਵਿੱਚ ਰਿਕਾਰਡ ਹੋਈ ਹੈ। ਜਿਹੜੀ ਕਿ ਪੁਲਿਸ ਅਧਿਕਾਰੀਆਂ ਦੀ ਕਾਲੇ ਲੋਕਾਂ ਵਿਰੁੱਧ ਹਿੰਸਾ ਕਰਨ ਦੀ ਤਾਜ਼ਾ ਮਿਸਾਲ ਹੈ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਚਾਕੂ ਵਾਲੇ ਵਿਅਕਤੀ ਬਾਰੇ 911 ਦੀ ਕਾਲ ਨਾਲ ਸ਼ੁਰੂ ਹੋਈ ਸੀ। ਫਿਲਾਡੇਲਫਿਆ ਪੁਲਿਸ ਦੇ ਸਾਰਜੈਂਟ ਏਰਿਕ ਗਰਿੱਪ ਅਨੁਸਾਰ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਚਾਕੂ ਨਾਲ ਲੈਸ਼ ਵਿਅਕਤੀ ਨੂੰ ਦੇਖਿਆ। ਇਸ ਮਾਮਲੇ ਵਿੱਚ ਜੈਹੈਮ ਸਿਮਪਸਨ, ਜਿਸ ਨੇ ਪੁਲਿਸ ਦੀ ਗੋਲੀਬਾਰੀ ਦਾ ਵੀਡੀਓ ਲਿਆ ਸੀ, ਨੇ ਵੀ ਦੱਸਿਆ ਕਿ ਪੁਲਿਸ ਬੁਲਾਏ ਜਾਣ ਤੋਂ ਪਹਿਲਾਂ ਕੁਝ ਹਲਚਲ ਅਤੇ ਬਹਿਸ ਹੋ ਰਹੀ ਸੀ। ਫਿਰ ਵਾਲੈਸ ਚਾਕੂ ਲੈ ਕੇ ਘਰੋਂ ਬਾਹਰ ਆਇਆ ਅਤੇ ਹਰ ਕੋਈ ਉਸ ਨੂੰ ਹਥਿਆਰ ਹੇਠਾਂ ਰੱਖਣ ਲਈ ਕਹਿ ਰਿਹਾ ਸੀ। ਉਸਦੇ ਚਾਕੂ ਨੂੰ ਵੇਖਦੇ ਹੀ ਅਫਸਰਾਂ ਨੇ ਆਪਣੀਆਂ ਬੰਦੂਕਾਂ ਤਾਣ ਲਈਆਂ ਸਨ। ਵਾਲੈਸ ਦੀ ਮਾਂ ਦੁਆਰਾ ਪੁਲਿਸ ਨੂੰ ਉਸ ਦੀ ਮਾਨਸਿਕ ਸਿਹਤ ਸਮੱਸਿਆਵਾਂ ਬਾਰੇ ਵੀ ਦੱਸਿਆ ਗਿਆ ਸੀ। ਪਰ ਫਿਰ ਅਧਿਕਾਰੀਆਂ ਨੇ ਵਾਲੈਸ ਤੇ ਗੋਲੀ ਚਲਾ ਦਿੱਤੀ ਪਰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।ਪੁਲਿਸ ਕਮਿਸ਼ਨਰ ਡੈਨੀਅਲ ਆਉਟਲਾ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਜਦਕਿ ਸ਼ਹਿਰ ਵਿੱਚ ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਵਿਰੋਧ ਕਰਨ ਲਈ ਇਕੱਠੇ ਹੋਏ ਜਿਥੇ ਫਿਲਡੇਲਫਿਯਾ ਵਿੱਚ ਵਾਲਟਰ ਵਾਲੈਸ ਜੂਨੀਅਰ ਦੀ ਹੱਤਿਆ ਕੀਤੀ ਗਈ ਸੀ।ਗੋਲੀਬਾਰੀ ਵਿਚ ਸ਼ਾਮਲ ਦੋਵੇਂ ਅਧਿਕਾਰੀ ਹੁਣ ਜਾਂਚ ਦੇ ਲਈ ਡੈਸਕ ਡਿਊਟੀ’ ਤੇ ਹਨ।