ਘਨੌਰ – ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਕੇਂਦਰ ਦੇ ਹੱਥਾਂ ਵਿੱਚ ਖੇਡ ਕੇ ਸਿਆਸੀ ਠੱਗੀ ਅਤੇ ਰਾਜਸੀ ਡਰਾਮਾ ਖੇਡ ਰਹੀ ਹੈ| ਅਨਾਜ ਮੰਡੀ ਘਨੌਰ ਵਿਖੇ ਸ਼੍ਰੋਮਣੀ ਜਨਰਲ ਇੱਕ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ 3 ਨਵੇਂ ਖੇਤੀ ਸੁਧਾਰ ਕਾਨੂੰਨ ਬਣਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਗਿਆ ਹੈ| ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਏ.ਪੀ.ਐਮ.ਸੀ. ਐਕਟ ਲਾਗੂ ਕਰਕੇ ਪੰਜਾਬ ਸੂਬੇ ਨੂੰ ਯਾਰਡ ਡਿਕਲੇਅਰ ਕਰ ਦਿੰਦੇ ਤਾਂ ਹੀ ਕੇਂਦਰ ਵੱਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨ ਅਰਥਹੀਣ ਕੀਤੇ ਜਾ ਸਕਦੇ ਸਨ ਪ੍ਰੰਤੂ ਕੈਪਟਨ ਸਰਕਾਰ ਸਿਰਫ ਡਰਾਮਾ ਕਰ ਰਹੀ ਹੈ| ਉਨ੍ਹਾਂ ਕਿਹਾ ਇਸ ਸਬੰਧੀ ਸ਼੍ਰੌਮਣੀ ਅਕਾਲੀ ਦਲ ਵਲੋਂ ਰਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਚੇਤਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ| ਉਨ੍ਹਾਂ ਇਲਜਾਮ ਲਗਾਇਆ ਕਿ ਮੰਡੀਆਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਜੀਰੀ ਵੇਚਣ ਲਈ ਹਫ਼ਤਾ-ਹਫਤਾ ਮੰਡੀਆਂ ਵਿੱਚ ਰੁਲਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਯੂ ਪੀ ਤੇ ਬਿਹਾਰ ਤੋਂ ਆ ਰਹੀ ਜੀਰੀ ਮੰਡੀਆਂ ਵਿੱਚ ਧੜਾ ਧੜ ਵਿਕ ਰਹੀ ਹੈ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਪੰਜਾਬ ਨਾਲ ਤਕਰਾਰ ਦਾ ਰਸਤਾ ਛੱਡ ਕੇ ਗੱਲਬਾਤ ਰਾਹੀ ਸਥਾਈ ਹੱਲ ਕੱਢੇ| ਉਨ੍ਹਾਂ ਕਿਹਾ ਕਿ ਕੇਂਦਰ ਦਾ ਮਾਲ ਗੱਡੀਆਂ ਬੰਦ ਕਰਨ ਦਾ ਫੈਸਲਾ ਖਤਰਨਾਕ ਅਤੇ ਤਣਾਅ ਪੈਦਾ ਕਰਨ ਵਾਲਾ ਫੈਸਲਾ ਹੈ ਅਤੇ ਇਸ ਤੇ ਵਿਚਾਰ ਕਰਨ ਦੀ ਲੋੜ ਹੈ| ਉਹਨਾਂ ਕਿਹਾ ਕਿ ਕੋਲੇ ਦੀ ਕਮੀ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਦਿਕੱਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ|ਇਸ ਮੌਕੇ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ, ਆੜ੍ਹਤੀ ਕੁਲਦੀਪ ਸਿੰਘ , ਜਗਦੀਸ਼ ਕੁਮਾਰ, ਹਰਵਿੰਦਰ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਨੰਬਰਦਾਰ ਘਨੌਰ, ਅਮਰੀਕ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਘਨੌਰ, ਜੰਗ ਸਿੰਘ ਰੁੜਕਾ, ਠੇਕੇਦਾਰ ਜਸਵੀਰ ਸਿੰਘ ਬਘੋਰਾ, ਮਨਜੀਤ ਸਿੰਘ ਭਟਮਾਜਰਾ, ਅਵਤਾਰ ਸਿੰਘ ਸਲੇਮਪੁਰ ਜੱਟਾਂ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਤੇ ਆੜ੍ਹਤੀ ਹਾਜ਼ਰ ਸਨ|