ਚੰਡੀਗੜ – ਪੰਜਾਬ ਰਾਜ ਵਿੱਚ ਝੋਨੇ ਦੀ ਖ਼ਰੀਦ 100 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਉਕਤ ਜਾਣਕਾਰੀ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵਲੋਂ ਦਿੱਤੀ ਗਈ । ਉਨਾਂ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਕੋਵਿਡ-19 ਸਬੰਧੀ ਲਾਗੂ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਦਿਆਂ ਜਾਰੀ ਹੈ।ਸ੍ਰੀ ਆਸ਼ੂ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਸਬੰਧੀ ਅਦਾਇਗੀ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਤੋਂ 48 ਘੰਟਿਆਂ ਵਿੱਚ ਕੀਤੀ ਜਾਣੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਹੁਣ ਤੱਕ ਖਰੀਦ ਸਬੰਧੀ 13672.67 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 25 ਅਕਤੂਬਰ,2020 ਤੱਕ 10249149 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 10118556 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦ ਕੀਤੇ ਝੋਨੇ ਵਿਚੋਂ ਸਰਕਾਰੀ ਏਜੰਸੀਆਂ ਵਲੋਂ 10089533 ਮੀਟ੍ਰਿਕ ਟਨ ਅਤੇ ਮਿਲਰਜ਼ ਵਲੋਂ 29024 ਮੀਟ੍ਰਿਕ ਟਨ ਖਰੀਦ ਕੀਤੀ ਗਈ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਰਕਫੈੱਡ ਨੂੰ ਖਰੀਦ ਲਈ 743,28,83 ,484 ਰੁਪਏ ਜਾਰੀ ਕੀਤੇ ਗਏ ਹਨ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ 261,18,55,731 ਕਰੋੜ ,ਪਨਗਰੇਨ ਨੂੰ 1018,85,04,888 ਰੁਪਏ ਅਤੇ ਪਨਸਪ ਨੂੰ 436,72,94,982 ਰੁਪਏ ਜਾਰੀ ਕੀਤੇ ਗਏ ਹਨ।ਸ੍ਰੀ ਆਸ਼ੂ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਦੇ ਸੁਚਾਰੂ ਢੰਗ ਨਾਲ ਚੱਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਾਲੇ ਤੱਕ ਕਿਤੋਂ ਵੀ ਮੰਡੀ ਰਾਹੀਂ ਕੋਰੋਨਾ ਫੈਲਣ ਜਾਂ ਹੋਣ ਸਬੰਧੀ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਵਲੋਂ ਕੀਤੇ ਪ੍ਰਬੰਧ ਸੁਚਾਰੂ ਹਨ।ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਕੁਝ ਵਪਾਰੀ ਕਿਸਮ ਦੇ ਲੋਕਾਂ ਵਲੋਂ ਦੂਸਰੇ ਰਾਜਾਂ ਤੋਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਦੇ ਰੁਝਾਨ ਨੂੰ ਰੋਕਣ ਲਈ ਵਿਭਾਗ ਦੇ ਚੌਕਸੀ ਵਿੰਗ ਵਲੋਂ ਪੰਜਾਬ ਪੁਲਿਸ ਅਤੇ *ਪੰਜਾਬ ਮੰਡੀ ਬੋਰਡ* ਨਾਲ ਮਿੱਲ ਕੇ ਪੰਜਾਬ ਰਾਜ ਦੇ ਵੱਖ – ਵੱਖ ਅੰਤਰ – ਰਾਜ ਬਾਰਡਰਾਂ ਤੇ ਨਿਗਰਾਨੀ ਕਰਨ ਦੇ ਨਾਲ-ਨਾਲ ਅਚਨਚੇਤ ਚੈਕਿੰਗਾਂ ਵੀ ਕੀਤੀਆਂ ਜਾ ਰਹੀ ਹੈ । ਜਿਸ ਸਦਕੇ ਹੁਣ ਤੱਕ ਬਾਹਰਲੇ ਰਾਜਿਆਂ ਤੋਂ ਅਣਅਧਿਕਾਰਿਤ ਤੌਰ ਤੇ ਬਰਾਮਦ ਪੈਡੀ / ਚਾਵਲ ਦੇ ਕੁੱਲ 128 ਟਰੱਕ ਅਤੇ 11 ਟਰਾਲੀਆਂ ਫੜੀਆਂ ਜਾ ਚੁਕੀਆਂ ਗਈਆਂ ਹਨ ਅਤੇ ਅਜਿਹੇ ਲੋਕਾਂ / ਆੜਤੀਆਂ / ਮਿਲਰਾਂ ਵਿਰੁਧ 69 ਐਫ.ਆਈ.ਆਰ ਦਰਜ ਕਰਵਾਈਆਂ ਜਾ ਚੁੱਕੀਆਂ ਹਨ ।