ਸੰਗਰੂਰ, 3 ਸਤੰਬਰ 2020 – ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਸੰਗਰੂਰ ਵਾਸੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਲਈ ਸ਼ੁਰੂ ਕੀਤੇ ਗਏ ਹਫ਼ਤਾਵਾਰੀ ਫੇਸਬੁੱਕ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਕੋਰੋਨਾਵਾਇਰਸ ਵਿਰੁੱਧ ਵਿੱਢੀ ਜੰਗ ਜਿੱਤਣ ਲਈ ਜ਼ਿਲਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਆਪਣੇ ਲਾਇਵ ਦੌਰਾਨ ਸ਼੍ਰੀ ਰਾਮਵੀਰ ਨ ਕਿਹਾ ਕਿ ਸੰਗਰੂਰ ਜ਼ਿਲੇ ’ਚ ਬੁੱਧਵਾਰ ਸ਼ਾਮ ਤੱਕ 2,267 ਪਾਜਿਟਿਵ ਕੇਸ ਰਿਪੋਰਟ ਹੋਏ ਹਨ ਜਿਨਾਂ ’ਚੋਂ 1,865 ਇਸ ਮਾਰੂ ਵਾਇਰਸ ’ਤੇ ਫ਼ਤਹਿ ਹਾਸਲ ਕਰਕੇ ਬਿਲਕੁਲ ਸਿਹਤਯਾਬ ਹੋ ਚੁੱਕੇ ਹਨ।
ਉਨਾਂ ਕਿਹਾ ਕਿ ਸੰਗਰੂਰ ਜ਼ਿਲੇ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 82 ਫੀਸਦ ਤੋਂ ਵੀ ਵਧੇਰੇ ਬਣਦੀ ਹੈ ਜੋ ਕਿ ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਮੁਕਾਬਲੇ ਵੱਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਟੈਸਟਿੰਗ ਸਮਰੱਥਾ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਸਦਕਾ 45,604 ਸੈਂਪਲ ਲਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਫ਼ਵਾਹ ਫੈਲਾਈ ਗਈ ਹੈ ਕਿ ਸੈਂਪਲ ਕਰਵਾਉਣ ’ਤੇ ਪਾਜ਼ਿਟਿਵ ਆਉਣ ਤੋਂ ਬਾਅਦ ਹਰ ਵਿਅਕਤੀ ਨੂੰ ਕੋਵਿਡ ਕੇਅਰ ਸੈਂਟਰ ਭੇਜ ਦਿੱਤਾ ਜਾਂਦਾ ਹੈ ਅਤੇ ਮੌਤ ਹੋਣ ਦੀ ਸੂਰਤ ’ਚ ਮਨੁੱਖੀ ਅੰਗਾਂ ਦੀ ਤਸਕਰੀ ਕੀਤੀ ਜਾਂਦੀ ਹੈ ਜੋ ਕਿ ਬਿਲਕੁਲ ਨਿਰਆਧਾਰ ਹੈ।
ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਟੈਸਟ ’ਤੇ ਹਜ਼ਾਰਾਂ ਰੁਪਏ ਖਰਚੇ ਜਾਂਦੇ ਹਨ ਤਾਂ ਜੋ ਇਸ ਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਉਨਾਂ ਇਹ ਵੀ ਸਾਫ਼ ਕੀਤਾ ਕਿ ਹਾਲਾਂਕਿ ਇਸ ਵਾਇਰਸ ਦੀ ਕੋਈ ਕਾਰਗਰ ਦਵਾਈ ਅਜੇ ਤੱਕ ਨਹੀਂ ਬਣੀ ਪਰ ਟੈਸਟਿੰਗ ਕਰਨ ਦਾ ਮਕਸਦ ਵਾਇਰਸ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਪਛਾਣ ਕੇ ਤੰਦਰੁਸਤ ਵਿਅਕਤੀਆਂ ਤੋਂ ਵੱਖਰਾ ਕਰਨਾ ਹੈ ਤਾਂ ਜੋ ਉਨਾਂ ਨੂੰ ਇਸ ਵਾਇਰਸ ਦੀ ਲਾਗ ਨਾ ਲੱਗੇ।
ਰਾਮਵੀਰ ਨੇ ਦੱਸਿਆ ਕਿ ਜ਼ਿਲੇ ਦੇ ਕੁਝ ਪਿੰਡਾਂ ’ਚ ਲੋਕਾਂ ਵੱਲੋਂ ਟੈਸਟਿੰਗ ਦਾ ਵਿਰੋਧ ਕਰਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਜਿਨਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨਾਂ ਇਹ ਵੀ ਕਿਹਾ ਕਿ ਹਾਲਾਂਕਿ ਪਿੰਡਾਂ ਦੀ ਪੰਚਾਇਤਾਂ ਵੱਲੋਂ ਵੀ ਹੁਣ ਟੈਸਟਿੰਗ ਦੇ ਹੱਕ ’ਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਪਿੰਡ ਚੱਠਾ ਨਨਹੇੜਾ ਦੀ ਪੰਚਾਇਤ ਵੱਲੋਂ ਵੀ ਉਨਾਂ ਦੇ ਪਿੰਡ ਦੇ ਇਸ ਵਿਰੁੱਧ ਹੋਣ ਦੀ ਅਫ਼ਵਾਹ ਦਾ ਬਕਾਇਦਾ ਮਤਾ ਪਾ ਕੇ ਖੰਡਨ ਕੀਤਾ ਗਿਆ ਹੈ।
ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਤੰਬਰ ਦਾ ਪਹਿਲਾ ਪੰਦਰਵਾੜਾ ਬੂਟੇ ਲਗਾਉਣ ਲਈ ਵਧੀਆ ਸਮਾਂ ਹੈ ਤੇ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਬੂਟੇ ਲਾਉਣ ਲਈ ਹੰਭਲਾ ਮਾਰਿਆ ਜਾਵੇ। ਉਨਾਂ ਦੱਸਿਆ ਕਿ ਕੋਈ ਵੀ ਜ਼ਿਲਾ ਵਾਸੀ ਆਈ-ਹਰਿਆਲੀ ਐਪ ਜ਼ਰੀਏ ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਬੂਟੇ ਮੁਫ਼ਤ ਪ੍ਰਾਪਤ ਕਰ ਸਕਦਾ ਹੈ।