ਅੰਮ੍ਰਿਤਸਰ – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ 31 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ ਗਈ। ਇਸ ਵਾਰ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੁਆਲੇ ਸਜਾਉਣ ਦੀ ਥਾਂ ਸ੍ਰੀ ਦਰਬਾਰ ਸਾਹਿਬ ਦੇ ਚੁਫੇਰੇ ਗਲਿਆਰੇ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇਗਾ। ਨਗਰ ਕੀਰਤਨ ਦੇ ਰਸਤੇ ਆਵਾਜਾਈ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਕੀਤੀ ਗਈ ਇਕੱਤਰਤਾ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਮੀਤ ਸਿੰਘ ਬੂਹ, ਭਾਈ ਗੁਰਚਰਨ ਸਿੰਘ ਗਰੇਵਾਲ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸਕੱਤਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸ. ਮੁਖਤਾਰ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਮਲਕੀਤ ਸਿੰਘ ਬਹਿੜਵਾਲ ਅਤੇ ਪ੍ਰਸ਼ਾਸਨ ਤਰਫੋਂ ਸ੍ਰੀ ਹਿਮਾਸ਼ੂ ਅਗਰਵਾਲ ਏ.ਡੀ.ਸੀ., ਸ. ਜਗਮੋਹਨ ਸਿੰਘ ਡੀ.ਸੀ.ਪੀ., ਸ. ਹਰਜੀਤ ਸਿੰਘ ਐਸ.ਪੀ. ਆਦਿ ਮੌਜੂਦ ਸਨ। ਇਸ ਮੌਕੇ ਏ.ਡੀ.ਸੀ. ਸ੍ਰੀ ਹਿਮਾਸ਼ੂ ਅਗਰਵਾਲ ਅਤੇ ਡੀ.ਸੀ.ਪੀ. ਸ. ਜਗਮੋਹਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਸਮੇਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਕਾਸ਼ ਗੁਰਪੁਰਬ ਦਾ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਗਰ ਕੀਰਤਨ ਤੋਂ ਇਲਾਵਾ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ 1 ਨਵੰਬਰ ਦੀ ਰਾਤ ਨੂੰ 7 ਵਜੇ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਅਤੇ ਪੜਤਾਲ ਗਾਇਨ ਕੀਰਤਨ ਸਮਾਗਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 2 ਨਵੰਬਰ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ 8:30 ਤੋਂ 12:00 ਵਜੇ ਤੀਕ ਜਲੌ ਸੱਜਣਗੇ। 2 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਅਤੇ ਰਾਤ ਸਮੇਂ ਕਵੀ ਦਰਬਾਰ ਵੀ ਹੋਵੇਗਾ। ਰਾਤ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ।