ਐਸ.ਐਸ.ਏ. ਨਗਰ – ਸਕੂਲ ਸਿੱਖਿਆ ਵਿਭਾਗ ਵੱਲੋਂ ਚਾਰ ਪ੍ਰਮੁੱਖ ਵਿਸ਼ਿਆਂ ‘ਤੇ ਅਧਾਰਤ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਆਯੋਜਨ ਭਲਕੇ 22 ਅਕਤੂਬਰ ਤੋਂ ਆਰੰਭ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਵੱਖ-ਵੱਖ ਪੱਧਰਾਂ ‘ਤੇ ਜੇਤੂਆਂ ਨੂੰ 10.89 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਤਹਿਤ ਗਣਿਤ, ਅੰਗਰੇਜ਼ੀ, ਸਾਇੰਸ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਸਬੰਧੀ ਮੁਕਾਬਲੇ ਕਰਵਾਏ ਜਾਣਗੇ। ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਦਾ ਮਨੋਰਥ ਵਿਦਿਆਰਥੀਆਂ ਦੇ ਆਮ ਗਿਆਨ ‘ਚ ਵਾਧਾ ਕਰਨਾ ਅਤੇ ਉਨ੍ਹਾਂ ਦਾ ਮਨੋਬਲ ‘ਚ ਵਾਧਾ ਕਰਨਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ ਇਨ੍ਹਾਂ ਮੁਕਾਬਲਿਆਂ ‘ਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣੀ ਹੈ।ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਭਲਕੇ 22 ਅਕਤੂਬਰ ਨੂੰ ਉਪਰੋਕਤ ਵਿਸ਼ਿਆਂ ਦੇ ਛੇਵੀਂ ਤੋਂ ਅੱਠਵੀ, 23 ਅਕਤੂਬਰ ਨੂੰ ਨੌਵੀਂ ਤੇ ਦਸਵੀਂ ਜਮਾਤਾਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਇਸ ਪੱਧਰ ‘ਤੇ ਪਹਿਲੇ ਸਥਾਨ ਵਾਲੀ ਟੀਮ ਨੂੰ 600, ਦੂਸਰੇ ਸਥਾਨ ਵਾਲੀ ਨੂੰ 400 ਅਤੇ ਤੀਸਰੇ ਸਥਾਨ ਵਾਲੀ ਟੀਮ ਨੂੰ 300 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 24 ਅਕਤੂਬਰ ਨੂੰ ਉਪਰੋਕਤ ਵਿਸ਼ਿਆਂ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਛੇਵੀਂ ਤੋਂ ਅੱਠਵੀ, 26 ਅਕਤੂਬਰ ਨੂੰ ਨੌਵੀਂ ਤੇ ਦਸਵੀਂ ਜਮਾਤਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਇਸ ਪੱਧਰ ‘ਤੇ ਪਹਿਲੇ ਸਥਾਨ ਵਾਲੀ ਟੀਮ ਨੂੰ 800, ਦੂਸਰੇ ਸਥਾਨ ਵਾਲੀ ਨੂੰ 500 ਅਤੇ ਤੀਸਰੇ ਸਥਾਨ ਵਾਲੀ ਟੀਮ ਨੂੰ 350 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਉਪਰੰਤ ਰਾਜ ਪੱਧਰੀ ਮੁਕਾਬਲੇ 28 ਅਕਤੂਬਰ ਨੂੰ ਛੇਵੀਂ ਤੋਂ ਅੱਠਵੀਂ, 29 ਅਕਤੂਬਰ ਨੂੰ ਨੌਵੀਂ ਤੋਂ ਦਸਵੀਂ ਜਮਾਤ ਦੇ ਮੁਕਾਬਲੇ ਕਰਵਾਏ ਜਾਣਗੇ। ਰਾਜ ਪੱਧਰ ‘ਤੇ ਪਹਿਲੇ ਸਥਾਨ ਵਾਲੀ ਟੀਮ ਨੂੰ 2500, ਦੂਸਰੇ ਸਥਾਨ ਵਾਲੀ ਨੂੰ 1500 ਅਤੇ ਤੀਸਰੇ ਸਥਾਨ ਵਾਲੀ ਟੀਮ ਨੂੰ 1150 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਆਨਲਾਈਨ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ‘ਚ ਹਰੇਕ ਪੱਧਰ ‘ਤੇ ਹਿੱਸਾ ਲੈਣ ਵਾਲੀ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੀ ਟੀਮ ‘ਚ ਤਿੰਨ ਅਤੇ ਨੌਵੀਂ ਤੇ ਦਸਵੀਂ ਜਮਾਤ ਤੱਕ ਟੀਮ ‘ਚ 2 ਮੈਂਬਰ ਹੋਣਗੇ। ਇਨ੍ਹਾਂ ਮੁਕਾਬਲਿਆਂ ਸਬੰਧੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਵੱਲੋਂ ਆਨਲਾਈਨ ਲਿੰਕ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ।