ਖਾਣੇ ਨੂੰ ਭਾਵੇਂ ਅਸੀਂ ਕਿੰਨਾ ਨਾਪ ਤੋਲ ਕੇ ਬਣਾਈਏ, ਘਰ ਵਿਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਖਾਣਾ ਬਚ ਹੀ ਜਾਂਦਾ ਹੈ। ਜੇਕਰ ਜ਼ਿਆਦਾ ਖਾਣਾ ਬਚ ਜਾਂਦਾ ਹੈ ਤਾਂ ਬਚੇ ਹੋਏ ਖਾਣੇ ਨਾਲ ਦੁਬਾਰਾ ਨਵੇਂ ਪਕਵਾਨ ਵੀ ਤਿਆਰ ਕੀਤੇ ਜਾ ਸਕਦੇ ਹਨ। ਕਿਵੇਂ, ਆਓ ਜਾਣੀਏ :-
* ਰੋਟੀ ਜਾਂ ਪਰੌਂਠਿਆਂ ਦਾ ਚੂਰਮਾ ਵੀ ਬਣਾਇਆ ਜਾ ਸਕਦਾ ਹੈ। ਰੋਟੀਆਂ ਨੂੰ ਤਵੇ ‘ਤੇ ਚੰਗੀ ਤਰ੍ਹਾਂ ਸੇਕ ਕੇ ਉਨ੍ਹਾਂ ਨੂੰ ਮਿਕਸੀ ਵਿਚ ਦਰਦਰਾ ਪੀਸ ਲਓ। ਕੜ੍ਹਾਈ ਵਿਚ ਥੋੜ੍ਹਾ ਘਿਓ ਪਾ ਕੇ ਪੀਸੀਆਂ ਰੋਟੀਆਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਵਿਚ ਪੀਸੀ ਚੀਨੀ ਮਿਲਾਓ ਅਤੇ ਖਾਓ।
* ਬੇਹੀਆਂ ਰੋਟੀਆਂ ਤੋਂ ਪੋਹਾ ਵੀ ਬਣਾਇਆ ਜਾ ਸਕਦਾ ਹੈ। ਇਸ ਲਈ ਰੋਟੀਆਂ ਨੂੰ ਸੇਕਣਾ ਨਹੀਂ ਹੁੰਦਾ, ਨਰਮ ਰੋਟੀਆਂ ਨੂੰ ਮਸਲ ਕੇ, ਕੜਾਹੀ ਵਿਚ ਮਸਾਲਾ ਭੁੰਨ ਕੇ ਉਸ ਵਿਚ ਸਬਜ਼ੀਆਂ ਅਤੇ ਮੂੰਗਫਲੀ ਦੇ ਦਾਣਿਆਂ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਪੋਹੇ ਦੀ ਥਾਂ ਰੋਟੀਆਂ ਦੇ ਛੋਟੇ-ਛੋਟੇ ਟੁੱਕੜਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
* ਬੇਹੀਆਂ ਰੋਟੀਆਂ ਨੂੰ ਬ੍ਰੈੱਡ ਦੇ ਨਾਲ ਮਿਕਸ ਕਰਕੇ ਉਸ ਵਿਚ ਹਰੀ ਮਿਰਚ, ਧਨੀਆ, ਨਮਕ, ਜ਼ੀਰਾ ਆਦਿ ਪਾ ਕੇ ਉਸ ਨੂੰ ਸਨੈਕਸ ਦੇ ਰੂਪ ਵਿਚ ਖਾਓ।
ਦਾਲ : * ਦਾਲ ਅਕਸਰ ਬਚ ਜਾਂਦੀ ਹੈ, ਇਸ ਨੂੰ ਆਟੇ ਵਿਚ ਗੁੰਨ੍ਹ ਕੇ ਉਸ ਵਿਚ ਥੋੜ੍ਹਾ ਵੇਸਣ, ਬਾਰੀਕ ਪਿਆਜ਼ ਕੱਟ ਕੇ ਹਰੀ ਮਿਰਚ, ਧਨੀਆ, ਨਮਕ ਅਤੇ ਲਾਲ ਮਿਰਚ ਅਤੇ ਥੋੜ੍ਹਾ ਮੋਇਨ ਦੇ ਕੇ ਇਸ ਦਾ ਖਸਤਾ ਪਰੌਂਠਾ ਵੀ ਬਣਾਇਆ ਜਾ ਸਕਦਾ ਹੈ।
* ਬਚੀ ਹੋਈ ਦਾਲ ਦਾ ਸਾਂਭਰ ਵੀ ਬਣਾਇਆ ਜਾ ਸਕਦਾ ਹੈ। ਬਾਰੀਕ ਸਬਜ਼ੀਆਂ ਨੂੰ ਕੱਟ ਕੇ ਉਨ੍ਹਾਂ ਨੂੰ ਉਬਾਲ ਲਓ ਅਤੇ ਕੜਾਹੀ ਵਿਚ ਥੋੜ੍ਹਾ ਤੇਲ ਗਰਮ ਕਰਕੇ ਸਰ੍ਹੋਂ ਦੇ ਦਾਣੇ, ਸਾਬਤ ਲਾਲ ਮਿਰਚ, ਕੜੀ ਪੱਤਾ ਪਾ ਕੇ ਬਚੀ ਦਾਲ ਇਸ ਵਿਚ ਪਾ ਦਿਓ। ਪੱਕਣ ‘ਤੇ ਇਮਲੀ ਦਾ ਘੋਲ ਅਤੇ ਸਾਂਭਰ ਮਸਾਲਾ ਪਾਓ।
ਸਬਜ਼ੀਆਂ : * ਬਚੀਆਂ ਹੋਈਆਂ ਸਬਜ਼ੀਆਂ ਨੂੰ ਦੁਬਾਰਾ ਫ੍ਰਾਈ ਕਰਕੇ ਉਨ੍ਹਾਂ ਨੂੰ ਸੈਂਡਵਿਚ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ਵਿਚ ਕੈਚਅਪ ਜਾਂ ਸ਼ੇਜਵਾਨ ਸੌਸ ਮਿਲਾ ਕੇ ਇਸ ਨੂੰ ਹੋਰ ਸਵਾਦੀ ਬਣਾ ਸਕਦੇ ਹੋ।
* ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ, ਉਨ੍ਹਾਂ ਨੂੰ ਹਿੰਗ ਅਤੇ ਜ਼ੀਰੇ ਵਿਚ ਫ੍ਰਾਈ ਕਰਕੇ ਇਸ ਨਾਲ ਭਰਵਾਂ ਪਰੌਂਠਾ ਬਣਾ ਸਕਦੇ ਹੋ।
* ਜੇਕਰ ਘਰ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਚ ਗਈਆਂ ਹਨ ਤਾਂ ਇਨ੍ਹਾਂ ਨੂੰ ਦੁਬਾਰਾ ਗਰਮ ਕਰਕੇ ਅਦਰਕ, ਲਸਣ ਨਾਲ ਫ੍ਰਾਈ ਕਰਕੇ ਮੱਖਣ ਪਾ ਕੇ ਇਸ ਦੀ ਭਾਜੀ ਤਿਆਰ ਕਰਕੇ ਇਸ ਨੂੰ ਪਾਵ ਦੇ ਨਾਲ ਖਾਧਾ ਜਾ ਸਕਦਾ ਹੈ।
* ਬਚੇ ਹੋਏ ਚੌਲਾਂ ਨਾਲ ਫ੍ਰਾਈਡ ਰਾਈਸ ਬਣਾ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਨੂੰ ਬਾਰੀਕ ਕੱਟ ਕੇ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ ਬਾਰੀਕ ਪਿਆਜ਼ ਕੱਟ ਕੇ, ਭੁੰਨ ਕੇ ਬਾਰੀਕ ਸਬਜ਼ੀਆਂ ਪਾਓ ਅਤੇ ਬਾਅਦ ਵਿਚ ਸਵਾਦ ਅਨੁਸਾਰ ਨਮਕ ਮਿਰਚ ਮਿਲਾ ਲਓ ਤਾਂ ਸਵਾਦੀਸ਼ਟ ਫ੍ਰਾਈਡ ਚੌਲ ਤਿਆਰ ਹੋ ਜਾਂਦੇ ਹਨ।
* ਬਚੇ ਚੌਲਾਂ ਨੂੰ ਕੁੱਕਰ ਵਿਚ ਪਕਾ ਕੇ, ਠੰਢਾ ਕਰਕੇ ਉਸ ਵਿਚ ਖੱਟਾ ਦਹੀਂ ਅਤੇ ਨਮਕ ਮਿਲਾ ਕੇ ਇਡਲੀ ਦੇ ਸਾਂਚਿਆਂ ਵਿਚ ਭਰ ਕੇ ਇਸ ਤੋਂ ਇਡਲੀ ਤਿਆਰ ਕੀਤੀ ਜਾ ਸਕਦੀ ਹੈ।
* ਜੇਕਰ ਚੌਲ ਕਾਫ਼ੀ ਜ਼ਿਆਦਾ ਬਚ ਗਏ ਹੋਣ ਤਾਂ ਉਨ੍ਹਾਂ ਨੂੰ ਕਿਸੇ ਭਾਂਡੇ ਵਿਚ ਲਗਪਗ ਦੁੱਗਣਾ ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾ ਲਓ। ਉਸ ਨੂੰ ਘੋਟ ਕੇ ਪਕੌੜਿਆਂ ਵਰਗਾ ਘੋਲ ਤਿਆਰ ਕਰਕੇ ਇਸ ਦੀਆਂ ਫੁਲਵੜੀਆਂ ਬਣਾਈਆਂ ਜਾ ਸਕਦੀਆਂ ਹਨ। ਇਕ ਸੂਤੀ ਕੱਪੜੇ ‘ਤੇ ਇਸ ਮਿਸ਼ਰਣ ਨੂੰ ਜਲੇਬੀ ਜਾਂ ਮਨਚਾਹੇ ਆਕਾਰ ਵਿਚ ਬਣਾ ਕੇ ਇਸ ਨੂੰ ਧੁੱਪ ਵਿਚ ਸੁਕਾਓ ਅਤੇ ਸ਼ਾਮ ਨੂੰ ਸਨੈਕਸ ਵਿਚ ਇਨ੍ਹਾਂ ਕੁਰਕੁਰੀ ਫੁਲਵੜੀਆਂ ਦਾ ਮਜ਼ਾ ਲਿਆ ਜਾ ਸਕਦਾ ਹੈ।
* ਬਚੇ ਚੌਲਾਂ ‘ਚ ਅਦਰਕ, ਲਸਣ, ਪਿਆਜ਼, ਟਮਾਟਰ ਦਾ ਮਸਾਲਾ ਤਿਆਰ ਕਰਕੇ ਉਸ ਮਸਾਲੇ ਵਿਚ ਮਿਕਸ ਕਰਕੇ ਮਸਾਲਾ ਰਾਈਸ ਬਣਾ ਕੇ ਖਾਓ।
* ਬਚੇ ਚੌਲਾਂ ਨੂੰ ਦੁਬਾਰਾ ਦੁੱਗਣੇ ਪਾਣੀ ਪਾ ਕੇ ਉਸ ਮਿਸ਼ਰਨ ਵਿਚ ਜ਼ੀਰਾ, ਲਾਲ ਮਿਰਚ, ਨਮਕ, ਕਾਲੀ ਮਿਰਚ ਮਿਲਾ ਕੇ ਇਸ ਦੇ ਪਾਪੜ ਵੀ ਤਿਆਰ ਕੀਤੇ ਜਾ ਸਕਦੇ ਹਨ।
* ਬਚੇ ਚੌਲਾਂ ਤੋਂ ਦੁੱਧ ਵਿਚ ਚੀਨੀ ਮਿਲਾ ਕੇ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਇਸ ਦੀ ਸਵਾਦੀ ਖੀਰ ਵੀ ਤਿਆਰ ਕੀਤੀ ਜਾ ਸਕਦੀ ਹੈ।
* ਬੇਹੇ ਚੌਲਾਂ ਤੋਂ ਪਕੌੜੇ ਤਿਆਰ ਕੀਤੇ ਜਾ ਸਕਦੇ ਹਨ ਜਾਂ ਇਸ ਵਿਚ ਉੱਬਲੇ ਆਲੂ ਪਾ ਕੇ ਮਸਾਲੇ ਮਿਲਾ ਕੇ ਕਟਲੇਟ ਵੀ ਤਿਆਰ ਕੀਤੇ ਜਾ ਸਕਦੇ ਹਨ, ਜਿਸ ਨੂੰ ਧਨੀਆ ਪੁਦੀਨੇ ਦੀ ਚਟਨੀ ਨਾਲ ਖਾਧਾ ਜਾ ਸਕਦਾ ਹੈ।
* ਇਨ੍ਹਾਂ ਤੋਂ ਇਲਾਵਾ ਲੈਮਨ ਰਾਈਸ, ਇਮਲੀ ਵਾਲੇ ਚੌਲ, ਦਹੀਂ ਵਾਲੇ ਚਾਵਲ, ਤਵਾ ਪੁਲਾਵ, ਨਾਰੀਅਲ ਪੁਲਾਵ, ਪਨੀਰ ਫ੍ਰਾਈਡ ਰਾਈਸ ਪੁਲਾਵ, ਸਵੀਟ ਕਾਰਨ ਫ੍ਰਾਈਡ ਰਾਈਸ ਪੁਲਾਵ, ਬੰਦਗੋਭੀ ਪੁਲਾਵ, ਮਸ਼ਰੂਮ ਪੁਲਾਵ ਵੀ ਬਣਾਏ ਜਾ ਸਕਦੇ ਹਨ।