ਚੰਡੀਗੜ੍ਹ – ਸੂਬੇ ਵਿੱਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅਗਸਤ 2021 ਤੋਂ ਹੈਪਾਟਾਇਟਿਸ ਦਾ ਇਲਾਜ 41 ਸਬ ਡਵੀਜਨਲ ਹਸਪਤਾਲ ਅਤੇ 6 ਈ.ਐਸ.ਆਈ ਹਸਪਤਾਲਾਂ ਰਾਹੀਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚ ਕੁੱਲ 114 ਇਲਾਜ ਕੇਂਦਰ ਹੋਣਗੇ ਜਿਸ ਨਾਲ ਮਰੀਜ਼ ਆਪਣੇ ਘਰਾਂ ਦੇ ਨੇੜੇ ਹੀ ਹੈਪੇਟਾਈਟਸ ਸੀ ਦੇ ਇਲਾਜ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਣਗੇ।ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਹ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਨੇ ਜਨਵਰੀ 2020 ਤੋਂ ਜੁਲਾਈ 2021 ਤੱਕ ਹੈਪਾਟਾਈਟਸ ਸੀ ਵਾਇਰਸ ਦੇ ਲਗਭਗ 18,000 ਮਰੀਜ਼ਾਂ ਦਾ ਇਲਾਜ ਕੀਤਾ। ਹਾਲਾਂਕਿ, ਇਸ ਪ੍ਰੋਗਰਾਮ ਦਾ ਵਿਸਥਾਰ 9 ਕੇਂਦਰੀ ਜੇਲ੍ਹਾਂ ਵਿਚਲੇ ਕੈਦੀਆਂ ਲਈ ਵੀ ਕੀਤਾ ਗਿਆ ਤਾਂ ਜੋ ਇਹਨਾਂ ਸਾਰੇ ਉੱਚ ਜੋਖਮ ਵਾਲੇ ਕੇਸਾਂ ਨੂੰ ਹੈਪੇਟਾਈਟਸ ਸੀ ਦੇ ਇਲਾਜ ਲਈ ਕਿਤੇ ਹੋਰ ਜਾਣਾ ਨਾ ਪਵੇ।ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਹੈਪੇਟਾਈਟਸ ਬੀ ਅਤੇ ਸੀ ਲਈ ਮੁਫ਼ਤ ਜਾਂਚ ਕਰਵਾਉਣ ਲਈ ਯੋਜਨਾ ਵੀ ਉਲੀਕੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਰੈਪਿਡ ਟੈਸਟ ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਦੀ ਜਲਦ ਸਿਹਤਯਾਬੀ ਲਈ ਉਹਨਾਂ ਨੂੰ ਨਜ਼ਦੀਕੀ ਇਲਾਜ ਕੇਂਦਰ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਜੋ ਉਹਨਾਂ ਦੇ ਨਵਜੰਮੇ ਬੱਚੇ ਲਈ ਵੀ ਸਿਹਤ ਸੁਰੱਖਿਆ ਯਕੀਨੀ ਬਣਾਏਗਾ। ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ, ਟੈਸਟਿੰਗ ਅਤੇ ਇਲਾਜ ਸਬੰਧੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 67 ਕਰ ਦਿੱਤੀ ਗਈ ਤਾਂ ਜੋ ਹਰ ਮਰੀਜ਼ ਲਈ ਹੈਪੇਟਾਈਟਸ ਸੀ ਦੇ ਇਲਾਜ ਨੂੰ ਉਪਲਬਧ ਕਰਵਾਇਆ ਜਾ ਸਕੇ। ਐਚਆਈਵੀ ਪਾਜ਼ੇਟਿਵ ਕੇਸਾਂ ਵਿੱਚ ਹੈਪਾਟਾਇਟਿਸ ਸੀ ਦਾ ਇਲਾਜ 17 ਏਆਰਟੀ ਕੇਂਦਰਾਂ ਅਤੇ ਆਈ.ਵੀ.ਡੀ.ਯੂ. (ਇੰਟਰਾਵੇਨਸ ਡਰੱਗ ਯੂਜ਼ਰਸ) ਦਰਮਿਆਨ ਹੈਪਾਟਾਈਟਸ ਸੀ ਵਾਇਰਸ ਦੇ ਪ੍ਰਬੰਧਨ ਲਈ 14 ਓਐਸਟੀ ਕੇਂਦਰਾਂ ਵਿੱਚ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ 22 ਜੂਨ 2021 ਨੂੰ ਹੈਪੇਟਾਈਟਸ ਬੀ ਦਾ ਮੁਫ਼ਤ ਵਾਇਰਲ ਲੋਡ ਟੈਸਟ ਵੀ ਸ਼ੁਰੂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸੂਬੇ ਭਰ ਵਿੱਚ 2 ਲੱਖ ਵਿਅਕਤੀਆਂ ਦੀ ਹੈਪੇਟਾਈਟਸ ਸੀ ਲਈ ਜਾਂਚ ਕੀਤੀ ਗਈ ਅਤੇ ਹੁਣ ਤੱਕ 97,000 ਮਰੀਜ਼ਾਂ ਨੂੰ ਹੈਪੇਟਾਈਟਸ ਸੀ ਲਈ ਮੁਫ਼ਤ ਇਲਾਜ ਮੁਹੱਈਆ ਕੀਤਾ ਗਿਆ। ਸੂਬੇ ਭਰ ਵਿੱਚ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਇਲਾਜ ਦਰ 93 ਫ਼ੀਸਦ ਹੈ।ਸਿਹਤ ਮੰਤਰੀ ਨੇ ਇਸ ਮੌਕੇ ਹੈਪੇਟਾਈਟਸ ਸੀ ਅਤੇ ਬੀ ਦੀ ਰੋਕਥਾਮ ਲਈ ਪੋਸਟਰ ਅਤੇ ਹੈਪੇਟਾਈਟਸ ਸੀ ਦੇ ਪ੍ਰਬੰਧਨ ਵਿਚ ਪੰਜਾਬ ਸਰਕਾਰ ਵੱਲੋਂ 5 ਸਾਲਾਂ ਦੌਰਾਨ ਕੀਤੇ ਕਾਰਜਾਂ ਬਾਰੇ ਇਕ ਕਿਤਾਬਚਾ ਵੀ ਲਾਂਚ ਕੀਤਾ।ਉਹਨਾਂ ਦੱਸਿਆ ਕਿ ਸੂਬੇ ਤੋਂ ਹੈਪੇਟਾਈਟਸ ਬੀ ਅਤੇ ਸੀ ਦੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੈਪੇਟਾਈਟਸ ਬੀ ਅਤੇ ਸੀ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀਜੀਆਈ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਪ੍ਰਬੰਧਨ ਲਈ ਦਵਾਈਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਸ ਪ੍ਰੋਗਰਾਮ ਵਿੱਚ ਸ੍ਰੀ ਅਲੋਕ ਸ਼ੇਖਰ ਪੀ.ਐਸ.ਐਚ.ਐਫ.ਡਬਲਯੂ, ਹੈਪਟੋਲੋਜੀ ਪੀਜੀਆਈ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵਰਿੰਦਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਗੁਰਿੰਦਰ ਬੀਰ ਸਿੰਘ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਵੀ.ਐਚ.ਸੀ.ਪੀ. ਡਾ. ਗਗਨਦੀਪ ਸਿੰਘ ਗਰੋਵਰ ਸ਼ਾਮਲ ਹੋਏ।