ਪਟਿਆਲਾ, 4 ਅਕਤੂਬਰ 2020 – ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅਨਾਜ਼ ਭੰਡਾਰ ਨੂੰ ਭਰਨ ਵਾਲੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਨਾਲ ਦਗ਼ਾ ਕਮਾਇਆ ਹੈ, ਜਿਨ੍ਹਾਂ ਨੇ ਦੇਸ਼ ਨੂੰ ਅੰਨ ਦੀ ਤੋਟ ਦੇ ਔਖੇ ਵੇਲੇ ਕਿਸੇ ਬਾਹਰਲੇ ਮੁਲਕ ਅੱਗੇ ਭੀਖ ਨਹੀਂ ਮੰਗਣ ਦਿੱਤੀ। ਪ੍ਰਨੀਤ ਕੌਰ ਅੱਜ ਇੱਥੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਪ੍ਰਨੀਤ ਕੌਰ ਦੇ ਜਨਮ ਦਿਨ ਮੌਕੇ ਸ਼ਹਿਰ ਵਿੱਚ ਡੇਂਗੂ ਵਿਰੁੱਧ ਜਾਗਰੂਕਤਾ ਲਈ ਰਾਘੋਮਾਜਰਾ ਤੋਂ ਕੱਢੀ ਗਈ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰ ਰਹੇ ਸਨ।
ਲੋਕ ਸਭਾ ਮੈਂਬਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਦੂਰਅੰਦੇਸ਼ੀ ਸੋਚ ਤੋਂ ਹੀਣੇ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਾਨੂੰਨ ਪਾਸ ਕਰਕੇ ਇੱਕ ਗ਼ੈਰ-ਜਿੰਮੇਵਾਰਾਨਾ ਆਗੂ ਦੀ ਭੂਮਿਕਾ ਨਿਭਾਈ ਹੈ, ਜਿਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਦੇ ਪਿਛੋਕੜ ਨੂੰ ਅੱਖੋਂ ਪਰੋਖੇ ਕਰਕੇ ਕਿਸਾਨਾਂ ਦੀ ਬਰਬਾਦੀ ਦੀ ਨੀਂਹ ਰੱਖੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦਾ ਹਰ ਪੱਖੋ ਸਾਥ ਦੇ ਕੇ ਕਿਸਾਨਾਂ ਦੀ ਲੜਾਈ ਅੱਗੇ ਹੋ ਕੇ ਲੜੀ ਜਾਵੇਗੀ।
ਪ੍ਰਨੀਤ ਕੌਰ ਨੇ ਅਕਾਲੀ ਦਲ ਵੱਲੋਂ ਅਪਣਾਈ ਰਣਨੀਤੀ ਅਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਆਖਿਆ ਕਿ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਰਾਹੀਂ ਪ੍ਰਸਾਤਵਤ ਪੰਜਾਬ ਫੇਰੀ ਕਿਸਾਨੀ ਦੇ ਅੰਦੋਲਨ ਦਾ ਸਾਥ ਦੇਣ ਵਾਲਾ ਇੱਕ ਗ਼ੈਰ-ਸਿਆਸੀ ਫੈਸਲਾ ਹੈ, ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। ਜਦੋਂਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਦਿੱਤਾ ਗਿਆ ਅਸਤੀਫ਼ਾ ਬਹੁਤ ਸਮਾਂ ਪਹਿਲਾਂ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣਾ ਸਿਆਸੀ ਆਧਾਰ ਤਾਂ ਪਹਿਲਾਂ ਹੀ ਗਵਾ ਚੁੱਕਾ ਸੀ ਅਤੇ ਹੁਣ ਇਸ ਨੇ ਆਪਣਾ ਵਿਸ਼ਵਾਸ਼ ਵੀ ਗਵਾ ਲਿਆ ਹੈ। ਯੂ.ਪੀ. ਦੇ ਹਾਥਰਸ ਗੈਂਗਰੇਪ ਦੀ ਕਰੜੀ ਨਿੰਦਾ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਪਟਿਆਲਵੀਆਂ ਵੱਲੋਂ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਇਛਾਵਾਂ ਕਬੂਲਦਿਆਂ ਸੰਸਦ ਮੈਂਬਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਮੁੱਚਾ ਪਟਿਆਲਾ ਉਨ੍ਹਾਂ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਉਨ੍ਹਾਂ ਪਟਿਆਲਾ ਸ਼ਹਿਰ ਅਤੇ ਜ਼ਿਲ੍ਹੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਚਹੁਤਰਫ਼ਾ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਅਪਨਾਉਣ ਦਾ ਸੱਦਾ ਦਿੰਦਿਆਂ ਡੇਂਗੂ ਤੋਂ ਬਚਣ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਕਰਨ ਦੀ ਵੀ ਅਪੀਲ ਕੀਤੀ।
ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ ‘ਚ ਸ਼ਾਮਲ 500 ਤੋਂ ਵਧੇਰੇ ਸਾਈਕਲ ਸਵਾਰਾਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਹਨੂਮਾਨ ਮੰਦਰ ਤੋਂ ਸ਼ੁਰੂ ਹੋਕੇ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦੇ ਹੋਏ ਡੇਂਗੂ ਵਿਰੁੱਧ ਜਾਗਰੂਕਤਾ ਫੈਲਾਉਂਦਿਆਂ ਕਿਲਾ ਚੌਂਕ ਵਿਖੇ ਸਮਾਪਤੀ ਕੀਤੀ। ਇਸ ਮੌਕੇ ਨਗਰ ਨਿਗਮ ਵੱਲੋਂ ਸਵੱਛਤਾ ਅਭਿਆਨ ਲਈ ਪਟਿਆਲਾ ਦੇ ਬ੍ਰਾਂਡ ਅੰਬੈਸਡਰ ਐਲਾਨੇ ਗਏ ਉੱਘੇ ਕਲਾਕਾਰ ਹੌਬੀ ਧਾਲੀਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।