ਲੁਧਿਆਣਾ , 4 ਅਕਤੂਬਰ, 2020 : ਉਘੇ ਖੇਤੀ ਮਾਹਿਰ ਸਰਦਾਰਾ ਸਿੰਘ ਜੌਹਲ ਨੇ ਨਵੇਂ ਖੇਤੀ ਐਕਟਾਂ ਨੂੰ ਕਿਸਾਨਾਂ ਵਾਸਤੇ ਲਾਹੇਵੰਦ ਕਰਾਰ ਦਿੰਦਿਆਂ ਕਿਹਾ ਹੈ ਕਿ ਇਯ ਮਾਮਲੇ ‘ਤੇ ਪਾਰਟੀਆਂ ਸਿਆਸਤ ਕਰ ਰਹੀਆਂ ਹਨ।
ਉਹਨਾਂ ਦਾ ਕਹਿਣਾ ਹੈ ਕਿ ਅੱਜ ਕੇਂਦਰਾਂ ਦੇ ਜਿਹੜੇ ਐਕਟਾਂ ਖਿਲਾਫ ਅੱਜ ਸੰਘਰਸ਼ ਹੋ ਰਿਹਾ ਹੈ, ਉਹ ਤਾਂ ਪਹਿਲਾਂ ਤੋਂ ਹੀ ਪੰਜਾਬ ਵਿਚ ਲਾਗੂ ਹਨ। ਉਹਨਾਂ ਦੱਸਿਆ ਕਿ 2006 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ (ਅਮੈਂਡਮੈਂਟ) ਐਕਟ 2006 ਪਾਸ ਕਰਵਾ ਕੇ ਪ੍ਰਾਈਵੇਟ ਮੰਡੀਆਂ ਦ ਰਾਹ ਖੋਲ ਦਿੱਤਾ ਸੀ ਜਿਸ ਤਹਿਤ ਕੋਈ ਵੀ ਵਿਅਕਤੀ, ਕੰਪਨੀ ਜਾਂ ਗਰੁੱਪ ਪ੍ਰਾਈਵੇਟ ਮੰਡੀਆਂ ਖੋਲ ਸਕਦਾ ਹੈ। ਇਸ ਐਕਟ ਨੂੰ ਪੰਜਾਬ ਵਿਚ ਲਾਗੂ ਹੋਏ ਨੂੰ 16 ਸਾਲ ਹੋ ਗਏ ਹਨ।
ਇਸ ਮਗਰੋਂ 2013 ਵਿਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੇਲੇ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਕੀਤਾ ਗਿਆ।
ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਨਵੇਂ ਐਕਟ ਅਸਲ ਵਿਚ ਪੰਜਾਬ ਦੇ ਐਕਟ ਦੀ ਹੂ ਬ ਹੂ ਕਾਪੀ ਹੈ। ਉਹਨਾਂ ਨੇ ਬਿੱਲਾਂ ਖਿਲਾਫ ਬੋਲਣ ਵਾਲੇ ਬੀਰਦਵਿੰਦਰ ਸਿੰਘ ਤੇ ਕਿਸਾਨ ਆਗੂ ਰਾਜੇਵਾਲ ਨੂੰ ਵੀ ਆੜੇ ਹੱਥੀਂ ਲਿਆ ਹੈ ਤੇ ਕਿਹਾ ਹੈ ਕਿ ਜਦੋਂ ਪੰਜਾਬ ਦੇ ਐਕਟ ਬਣ ਰਹੇ ਸਨ ਤਾਂ ਇਹ ਦੋਵੇਂ ਇਹਨਾਂ ਵਿਚ ਭਾਈਵਾਲ ਸਨ।