ਆਕਲੈਂਡ, 1 ਅਕਤੂਬਰ, 2020 – ਨਿਊਜ਼ੀਲੈਂਡ ਜਿੱਥੇ ਕੋਰੋਨਾ ਦੇ ਦਾਖਲੇ ਲਈ ਕਮਰਸ਼ੀਅਲ ਫਲਾਈਟਾਂ ਸਰਕਾਰ ਨੇ ਬੰਦ ਕੀਤੀਆਂ ਹਨ ਪਰ ਕੀਵੀਆਂ ਅਤੇ ਪੱਕੇ ਬਾਸ਼ਿੰਦਿਆਂ ਲਈ ਵਿਸ਼ੇਸ਼ ਫਲਾਈਟਾਂ ਖੁੱਲ੍ਹੀਆਂ ਹਨ। ਇਨ੍ਹਾਂ ਫਲਾਈਟਾਂ ਦੇ ਲੋਕ ਸਿੱਧੇ 14 ਦਿਨਾਂ ਵਾਸਤੇ ਏਕਾਂਤਵਾਸ ਲਈ ਹੋਟਲਾਂ ਵਿਚ ਜਾਂਦੇ ਹਨ। ਅੱਜ ਕੋਰੋਨਾ ਅੱਪਡੇਟ ਰਾਹੀਂ ਸਰਕਾਰ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 12 ਹੋਰ ਨਵੇਂ ਕੇਸਾਂ ਦਾ ਵਾਧਾ ਹੋਇਆ ਹੈ ਜਿਨ੍ਹਾਂ ਵਿਚੋਂ 10 ਕੇਸ ਭਾਰਤ ਤੋਂ 26 ਸਤੰਬਰ ਨੂੰ ਆਏ ਏਅਰ ਇੰਡੀਆ ਦੇ ਜਹਾਜ਼ ਚੋਂ ਹਨ।
ਏਅਰ ਇੰਡੀਆ ਦੇ ਜਹਾਜ਼ ਨੂੰ ਪਹਿਲਾਂ ਹੀ ਇਥੇ ਦੇ ਰਾਸ਼ਟਰੀ ਮੀਡੀਆ ਨੇ ਇਲ-ਫੇਟਿਡ (ਮਨਹੂਸ) ਕਹਿ ਦਿੱਤਾ ਹੈ ਅਤੇ ਅੱਜ ਫਿਰ ਏਅਰ ਇੰਡੀਆ ਦਾ ਨਾਂਅ ਖਬਰਾਂ ਵਿਚ ਉਛਲ ਰਿਹਾ ਹੈ। ਇਨ੍ਹਾਂ ਏਅਰ ਇੰਡੀਆ ਦੇ ਯਾਤਰੀਆਂ ਦਾ ਤੀਜੇ ਦਿਨ ਦਾ ਟੈਸਟ ਪਾਜ਼ੀਟਿਵ ਆਇਆ ਹੈ। ਸ਼ੱਕ ਕੀਤੀ ਜਾ ਰਹੀ ਹੈ ਕਿ ਇਸ ਫਲਾਈਟ ਦੇ ਵਿਚੋਂ ਹੋਰ ਕੇਸ ਵੀ ਨਿਕਲ ਸਕਦੇ ਹਨ। ਇਨ੍ਹਾਂ ਸਾਰੇ ਪਾਜ਼ੀਟਿਵ ਲੋਕਾਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਹੁਣ ਤੱਕ ਦੇ ਇਹ ਸਭ ਤੋਂ ਵੱਧ ਕੇਸ ਹਨ ਜੋ ਇਕ ਫਲਾਈਟ ਦੇ ਵਿਚੋਂ ਆਏ। ਬਾਕੀ ਦੇ ਦੋ ਕੇਸਾਂ ਵਿਚੋਂ ਇਕ ਅਮਰੀਕਾ ਦਾ ਅਤੇ ਦੂਜਾ ਫਿਲੀਪੀਨਜ਼ ਤੋਂ ਵਾਇਆ ਤਾਇਵਾਨ ਆਇਆ ਹੈ। ਅੱਜ ਆਏ ਕੇਸਾਂ ਵਿਚ ਇਕ ਸਾਲ ਦਾ ਬੱਚਾ ਅਤੇ 70 ਸਾਲ ਦਾ ਬਜ਼ੁਰਗ ਵੀ ਹੈ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 53 ਹੋ ਗਈ ਹੈ, ਜਿਸ ਵਿੱਚ 11 ਕੇਸ ਕਮਿਊਨਿਟੀ ਅਤੇ 42 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 5,000 ਤੋਂ ਜ਼ਿਆਦਾ ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1 ਮਿਲੀਅਨ ਦੇ ਲਾਗੇ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1848 ਕੇਸ ਹਨ। ਜਿਨ੍ਹਾਂ ਵਿੱਚੋਂ 1,492 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1770 ਹੈ, ਕਿਉਂਕਿ ਕੱਲ੍ਹ 3 ਲੋਕ ਠੀਕ ਹੋਏ ਹਨ। ਨਿਊਜ਼ੀਲੈਂਡ ਵਿੱਚ 1 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਕਰੋਨਾ ਨਾਲ ਮਰਨ ਵਾਲਿਆਂ ਦੀ ਹੁਣ ਤੱਕ ਦੀ ਗਿਣਤੀ 25 ਹੈ।