ਚੰਡੀਗੜ੍ਹ, 30 ਸਤੰਬਰ 2020 – ਇਨਕਲਾਬੀ ਕੇਂਦਰ,ਪੰਜਾਬ ਨੇ ਵੀ ਮੋਦੀ ਹਕੂਮਤ ਵੱਲੋਂ 5 ਜੂਨ ਨੂੰ ਜਬਰੀ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਆਰਡੀਨੈੰਸਾਂ(ਹੁਣ ਕਾਨੂੰਨਾਂ) ਅਤੇ ਬਿਜਲੀ ਸੋਧ ਕਾਨੂੰਨ-2020 ਖਿਲ਼ਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸਮੁੱਚੇ ਮਾਲਵਾ, ਮਾਝਾ ਅਤੇ ਦੋਆਬਾ ਖੇਤਰ ਵਿੱਚ ਤੀਹ ਹਜਾਰ ਦੀ ਗਿਣਤੀ ਵਿੱਚ ‘‘ਲੋਕਾਂ ਦੀ ਰੋਹਲੀ ਗਰਜ ਨੂੰ ਕੋਨੇ ਕੋਨੇ ’ਚ ਫੈਲਾਅ ਦਿਓ’’ ਹੈਡਿੰਗ ਹੇਠ ਜਾਰੀ ਕੀਤਾ ਹੱਥ ਪਰਚਾ ਵੰਡਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਪਰਚੇ ਬਰਨਾਲਾ, ਜਗਰਾਉਂ, ਲੁਧਿਆਣਾ, ਮਾਨਸਾ,ਫਰੀਦਕੋਟ, ਮੋਗਾ ਆਦਿ ਜਿਲਿਆਂ ਵਿੱਚ ਵੰਡੇ ਜਾਣਗੇ।ਦੋਵੇਂ ਆਗੂਆਂ ਕਿਹਾ ਕਿ ਫਿਰਕੂ-ਫਾਸ਼ੀ ਮੋਦੀ ਹਕੂਮਤ ਵੱਲੋਂ ਮੁਲਕ ਦੇ ਖੇਤੀ ਅਰਥਚਾਰੇ ਨੂੰ ਬਰਬਾਦ ਕਰਨ ਵਾਲੇ ਤਿੰਨ ਕਾਨੂੰਨਾਂ ਖਿਲਾਫ ਪ੍ਰਚੰਡ ਹੋਈ ਲੋਕ ਰੋਹ ਦੀ ਅਵਾਜ ਨੂੰ ਇਨਕਲਾਬੀ ਸਹਾਰਾ ਦੇਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਆੜ ’ਚ ਲਾਈਆਂ ਇਕੱਠੇ ਹੋਣ ਦੀਆਂ ਪਾਬੰਦੀਆਂ ਨੂੰ ਮਿੱਟੀ ’ਚ ਮਿਲਾਕੇ ਪਈ ਸੰਘਰਸ਼ੀ ਨਗਾਰੇ ਦੀ ਧਮਕ ਨੇ ਪੰਜਾਬ ਹੀ ਨਹੀਂ ਹਰਿਆਣੇ ਦੀ ਸਰਹੱਦ ਟੱਪਕ ਕੇ ਕੇਂਦਰੀ ਹਕੂਮਤ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਤਿੰਨ ਖੇਤੀ ਬਿੱਲਾਂ ਰਾਹੀਂ 1947 ਦੀ ਸੱਤਾ ਬਦਲੀ ਤੋਂ ਬਾਅਦ ਪਹਿਲੀ ਵਾਰ ਖੇਤੀ ਅਰਥਚਾਰੇ ’ਤੇ ਸਭ ਤੋਂ ਵੱਡਾ ਕਿਸਾਨ ਦੋਖੀ ਹਮਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਕ ਦੇ ਬਿਜਲੀ ਬੋਰਡ, ਏਅਰਪੋਰਟ, ਤੇਲ ਕੰਪਨੀਆਂ, ਕੋਇਲਾ ਖਾਣਾਂ, ਏਅਰਲਾਈਨਜ, ਬੰਦਰਗਾਹਾਂ, ਰੇਲਵੇ, ਸੜਕਾਂ, ਟੈਲੀਫੋਨ ਮਹਿਕਮਾ, ਬੀਮਾ ਕੰਪਨੀਆਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਕੇ, ਵੱਡੀਆਂ ਕੰਪਨੀਆਂ ਦੇ ਮਾਲ ਪਲਾਜੇ, ਪ੍ਰੋਜੈਕਟ, ਕਾਰਖਾਨੇ, ਦਫਤਰ ਦੇਸ਼ ਭਰ ’ਚ ਖੋਲ੍ਹਣ ਉਪਰੰਤ ਹੁਣ ਸਾਡੀ ਜੀਵਨ ਰੇਖਾ ਖੇਤੀ ਦੀ ਵਾਰੀ ਹੈ। ਆਗੂਆਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਪਾਸ ਹੋਣ ਦੀਆਂ ਜੜਾਂ ਨਰਸਿਮਹਾਂ ਰਾਓ-ਮਨਮੋਹਣ ਸਿੰਘ ਜੋੜੀ ਵੱਲੋਂ ਵਿਸ਼ਵ ਵਪਾਰ ਸੰਸਥਾ(ਗੈਟ ਸਮਝੌਤਾ) ਵਿੱਚ ਸਮੋਈਆਂ ਹੋਈਆਂ ਹਨ। ਜੋ ਸਾਮਰਾਜੀ ਮੁਲਕਾਂ ਨੇ ਗਰੀਬ ਮੁਲਕਾਂ ਦੀ ਹਕੂਮਤ ਦੀ ਬਾਂਹ ਮਰੋੜ ਕੇ ਲਾਗੂ ਕਰਵਾਈਆਂ ਹਨ।
ਆਗੂਆਂ ਕਿਹਾ ਕਿ ਖੇਤੀ ਖੇਤਰ ਦਾ ਉਜਾੜਾ( ਮੰਡੀ,ਠੇਕੇਦਾਰੀ ਅਤੇ ਜਮਾਂਖੋਰੀ ਕਾਨੂੰਨ) ਰਾਹੀਂ ਸਿਰਫ ਕਿਸਾਨੀ ਦਾ ਹੀ ਉਜਾੜਾ ਨਹੀਂ ਹੋਵੇਗਾ ਸਗੋਂ ਆੜਤੀਏ, ਹਰ ਤਰਾਂ ਦੇ ਦੁਕਾਨਦਾਰ, ਕਿਰਤੀ ਕਾਮੇ ਪ੍ਰਭਾਵਿਤ ਹੋਣਗੇ। ਆਗੂਆਂ ਨੇ ਸੱਦਾ ਦਿੱਤਾ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਧਨਾਢ ਘਰਾਣਿਆਂ ਦਾ ਗੁਲਾਮ ਬਨਾਉਣ ਤੁਰੀ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਜਿੱਤ ਹਾਸਲ ਕਰੀਏ। ਉਨਾਂ ਯਾਦ ਦਿਵਾਇਆ ਕਿ ਇਸ ਵਕਤ ਲਈ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ‘‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ’’ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਦਾ ਪ੍ਰਣ ਕਰਨ ਦੀ ਲੋੜ ਹੈ ਤਾਂ ਹੀ ਨਵੇਂ ਜਮਹੂਰੀ ਇਨਕਲਾਬ ਰਾਹੀਂ ਨਵੇਂ ਭਾਰਤ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਲਹਿਰਾ ਮੁਹੱਬਤ, ਰਜਿੰਦਰਪਾਲ,ਅਮਰਜੀਤ ਕੌਰ ਆਦਿ ਆਗੂਆਂ ਨੇ ਦੱਸਿਆ ਕਿ ਮੌਜੂਦਾ ਸੰਘਰਸ਼ ਦੌਰਾਨ ਇਸ ਉਦੇਸ਼ ਦੀ ਪੂਰਤੀ ਲਈ ਦਰਜਨਾਂ ਪਿੰਡਾਂ ਵਿੱਚ ਇਨਕਲਾਬੀ ਕੇਂਦਰ ਦੀਆਂ ਆਗੂ ਟੀਮਾਂ ਨੇ ਲੀਫਲ਼ੈੱਟ ਵੰਡਿਆ ਹੈ,ਜਿਸ ਨੂੰ ਵੱਡਾ ਲੋਕ ਹੁੰਗਾਰਾ ਮਿਲਿਆ ਹੈ।