ਸਰੀ, 29 ਸਤੰਬਰ 2020 – ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਲੰਗਰ ਹਾਲ ਦੇ ਨਾਲ ਭਾਈ ਲਾਲੋ ਹਾਲ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਹਾਲ ਵਿਚ ਭਾਈ ਲਾਲੋ ਜੀ ਦਾ ਚਿੱਤਰ ਸੁਸ਼ੋਭਿਤ ਕੀਤਾ ਗਿਆ।
ਇਸ ਮੌਕੇ ਸਿੱਖ ਸੰਗਤਾਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਭਾਈ ਲਾਲੋ ਜੀ ਕਿਰਤੀ ਸ਼ੇਣੀ ਦਾ ਮਾਣ ਸਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਨੂੰ ਬੇਹੱਦ ਪਿਆਰ, ਸਤਿਕਾਰ ਦੇ ਕੇ ਜਿੱਥੇ ਕਿਰਤ ਕਰਨ ਦੀ ਵਡਿਆਈ ਦਾ ਸੰਕਲਪ ਦਿੱਤਾ, ਉਥੇ ਹੀ ਹੱਕ ਪਰਾਇਆ ਖਾਣ ਦਾ ਸਖਤ ਵਿਰੋਧ ਕੀਤਾ।
ਪ੍ਰਸਿੱਧ ਲੇਖ ਅਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਨੇ ਭਾਈ ਲਾਲੋ ਜੀ ਨੂੰ ਯਾਦ ਕਰਦਿਆਂ ਸਮੂਹ ਸੰਗਤ ਨੂੰ ਮੁਬਾਰਕਬਾਦ ਦਿੱਤੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਸਿੱਖ ਇਤਿਹਾਸ ਅਤੇ ਆਪਣੇ ਵਿਰਸੇ ਦੀ ਸਾਂਭ ਸੰਭਾਲ ਅਤੇ ਇਸ ਦੇ ਪਾਸਾਰ ਵਿਚ ਸ਼ਲਾਘਾਯੋਗ ਕਾਰਜ ਕਰ ਰਹੀ ਹੈ।
ਭਾਈ ਲਾਲੋ ਜੀ ਦੇ ਚਿੱਤਰ ਦੇ ਰਚਨਹਾਰੇ ਪ੍ਰਸਿੱਧ ਆਰਟਿਸਟ ਸ. ਜਰਨੈਲ ਸਿੰਘ ਨੇ ਇਸ ਚਿੱਤਰ ਦੇ ਪਿਛੋਕੜ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਉਦਾਸੀ ਤੋਂ ਬਾਅਦ ਭਾਈ ਲਾਲੋ ਜੀ ਕੋਲ ਆ ਕੇ ਠਹਿਰਦੇ ਸਨ ਅਤੇ ਰਚਿਤ ਬਾਣੀ ਦੀਆਂ ਪੋਥੀਆਂ ਭਾਈ ਲਾਲੋ ਜੀ ਨੁੰ ਸੰਭਾਲ ਲਈ ਦਿੰਦੇ ਸਨ।
ਇਸ ਤੋਂ ਪਹਿਲਾਂ ਗਿਆਨੀ ਕੁਲਵੰਤ ਸਿੰਘ ਨੇ ਵੀ ਭਾਈ ਲਾਲੋ ਜੀ ਦੇ ਜੀਵਨ ਉਪਰ ਚਾਨਣਾ ਪਾਇਆ ਅਤੇ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ. ਨਿਰਮਲ ਸਿੰਘ ਕਲਸੀ ਨੇ ਆਪਣੀ ਕਾਵਿ ਰਚਨਾ ਰਾਹੀਂ ਭਾਈ ਲਾਲੋ ਜੀ ਨੂੰ ਯਾਦ ਕੀਤਾ।
ਭਾਈ ਲਾਲੋ ਹਾਲ ਵਿਚ ਤਸਵੀਰ ਸ਼ੁਸੋਭਿਤ ਕਰਨ ਦੀ ਰਸਮ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸ. ਬਲਵੀਰ ਸਿੰਘ ਨੰਨੜ ਅਤੇ ਸ. ਕਰਤਾਰ ਸਿੰਘ ਸੱਭਰਵਾਲ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ।