ਬਟਾਲਾ, 29 ਸਤੰਬਰ, 2020 : ਉੱਘੇ ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਇਹ ਹੋਰ ਵੀ ਜਰੂਰੀ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੱਧ ਰੱਖੀਏ ਕਿਉਂਕਿ ਧੂੰਏ ਕਾਰਨ ਕੋਵਿਡ-19 ਦੇ ਮਰੀਜ਼ਾਂ ਉੱਪਰ ਹੋਰ ਮਾਰੂ ਅਸਰ ਹੋਵੇਗਾ। ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤਾਂ ਦੇ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਉੱਪਰ ਵੀ ਬਹੁਤ ਬੁਰਾ ਅਸਰ ਪੈਂਦਾ ਹੈ।
ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਕਿਹਾ ਕਿ ਖੇਤਾਂ ਵਿੱਚ ਪਰਾਲੀ ਸਾੜਣ ਨਾਲ ਕੀਮਤੀ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਸੜਕਾਂ ਦੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਹਰੇਕ ਸਾਲ ਧੂੰਏਂ ਕਾਰਨ ਸੜਕ ਹਾਦਸੇ ਵਾਪਰਦੇ ਹਨ ਜਿਸ ਵਿੱਚ ਸਾਡੇ ਹੀ ਭੈਣ-ਭਰਾ ਬਿਨਾਂ ਕਿਸੇ ਕਸੂਰ ਤੋਂ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਕਿਸਾਨਾਂ ਦੇ ਹਿੱਤ ਵਿੱਚ ਤਾਂ ਬਿਲਕੁਲ ਵੀ ਨਹੀਂ ਹੈ ਸਗੋਂ ਮਿੱਤਰ ਕੀੜਿਆਂ ਨੂੰ ਖਤਮ ਕਰਕੇ ਉਲਟਾ ਆਪਣਾ ਨੁਕਸਾਨ ਹੀ ਕਰ ਰਹੇ ਹਾਂ। ਉਨਾਂ ਕਿਹਾ ਕਿ ਖੇਤੀ ਮਾਹਿਰਾਂ ਨੇ ਵੀ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਅਪੀਲ ਵਾਰ-ਵਾਰ ਕੀਤੀ ਹੈ ਤਾਂ ਕਿ ਸਮੁੱਚੀ ਕਾਇਨਾਤ ਨੂੰ ਇਸ ਦੇ ਮਾਰੂ ਪ੍ਰਭਾਵ ਤੋਂ ਬਚਾਇਆ ਜਾ ਸਕੇ।
ਮਾਸਟਰ ਜੋਗਿੰਦਰ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਪਰਾਲੀ ਦੇ ਨਿਪਟਾਰੇ ਲਈ ਢੁੱਕਵੀਂ ਮਸ਼ੀਨਰੀ ਨਹੀਂ ਸੀ ਹੁੰਦੀ ਪਰ ਹੁਣ ਤਾਂ ਪਰਾਲੀ ਨੂੰ ਖੇਤਾਂ ਵਿੱਚ ਖਪਾਉਣ ਲਈ ਖੇਤੀ ਮਸ਼ੀਨਰੀ ਵੀ ਮੌਜੂਦ ਹੈ। ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਸਮਾਜ ਅੱਗੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ ਅਤੇ ਬਾਕੀ ਕਿਸਾਨਾਂ ਨੂੰ ਇਸੇ ਰਾਹ ’ਤੇ ਚੱਲ ਕੇ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ ਨੇ ਕਿਹਾ ਕਿ ਜੇਕਰ ਕਿਸਾਨ ਫਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਖਪਾ ਦੇਣ ਤਾਂ ਇਸ ਨਾਲ ਜਿੱਥੇ ਜ਼ਮੀਨ ਦੀ ਗੁਣਵੱਤਾ ਵਧੇਗੀ, ਉਥੇ ਬੇਤਹਾਸ਼ਾ ਖਾਦਾਂ ਪਾਉਣ ਦੇ ਰੁਝਾਨ ਨੂੰ ਵੀ ਠੱਲ ਪਵੇਗੀ।