ਵਾਸ਼ਿੰਗਟਨ, 29 ਸਤੰਬਰ 2020 – ਰਾਸ਼ਟਰਪਤੀ ਚੋਣ ਦੇ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਨੇੇ ਸਿੱਖ ਵੋਟਰਾਂ ਨੂੰ ਆਪਣੇ ਪੱਖ ‘ਚ ਵੋਟ ਭੁਗਤਾਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਤਾਂ ਜੋ ਅਮਰੀਕਾ ‘ਚ ਘੱਟ ਗਿਣਤੀ ਧਾਰਮਿਕ ਸਮੂਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜੋਅ ਬਾਈਡੇਨ ਵੱਲੋਂ ਅਜਿਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਰਾਸ਼ਟਰਪਤੀ ਚੋਣ ਦੇ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਂਅ ‘ਸਿੱਖ ਅਮੈਰੀਕਨਜ਼ ਫਾਰ ਬਾਈਡੇਨ’ ਹੈ। ਜਿਸ ਦਾ ਮਕਸਦ ਅਮਰੀਕਾ ‘ਚ ਵਸ ਰਹੇ ਘੱਟ ਗਿਣਤੀ ਦੇ ਲੋਕਾਂ ਦਾ ਸੁਰੱਖਿਆ ਦਾ ਪ੍ਰਬੰਧ ਕਰਨਾ ਹੈ ਤਾਂ ਜੋ ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਜਾਂ ਘੱਟ ਗਿਣਤੀ ਧਾਰਮਿਕ ਸਮੂਹਾਂ ਨੂੰ ਜੇਨੋਫੋਬੀਆ (ਵਿਦੇਸ਼ੀ ਲੋਕਾਂ ਤੋਂ ਡਰ) ਵਰਗੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਬਾਈਡੇਨ ਦੀ ਪ੍ਰਚਾਰ ਮੁਹਿੰਮ ਟੀਮ ਵਲੋਂ ਕਿਹਾ ਗਿਆ ਹੈ ਕਿ ਸਿੱਖ-ਅਮਰੀਕੀ ਨੌਜਵਾਨਾਂ ਨੂੰ ਸਕੂਲਾਂ ਵਿੱਚ ਸੁਰੱਖਿਆ ਦੇਣ ਦੀ ਯੋਜਨਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸਲਵਾਦ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਸਿੱਧ ਨਾਗਰਿਕ ਕਾਰਜਕਰਤਾ ਤੇ ਸਿੱਖ ਅਮਰੀਕੀ ਰਾਸ਼ਟਰੀ ਲੀਡਰਸ਼ਿਪ ਪ੍ਰੀਸ਼ਦ ਦੀ ਮੈਂਬਰ ਕਿਰਨ ਕੌਰ ਗਿੱਲ (civil rights activist) ਨੇ ਦੋਸ਼ ਲਾਏ ਹਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਭੇਦ-ਭਾਵ ਅਤੇ ਡਰਾਉਣ-ਧਮਕਾਉਣ ਨੂੰ ਨਾ ਸਿਰਫ ਨਜ਼ਰਅੰਦਾਜ਼ ਕੀਤਾ ਗਿਆ ਸਗੋਂ ਇਸ ਨੂੰ ਉਤਸ਼ਾਹਿਤ ਵੀ ਕੀਤਾ ਗਿਆ।