ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2020 -ਇਤਿਹਾਸਕ ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ, ਐਸ.ਐਸ.ਪੀ. ਡੀ ਸੁਡਰਵਿਲੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਨੇ ਨਤਮਸਤਕ ਹੋ ਕੇ ਰਹਿਬਰ ਮੁਹਿੰਮ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਿਲ ਹੋਣ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਹਿਬਰ ਮੁਹਿੰਮ ਦੇ ਤਹਿਤ ਹਰ ਗਲੀ ਮੁਹੱਲੇ ਵਿੱਚ ਇੱਕ ਅਜਿਹੇ ਵਿਅਕਤੀ ਦੀ ਚੋਣ ਕੀਤੀ ਗਈ ਹੈ, ਜੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਦੂਰ ਰੱਖਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦੇਵੇਗਾ।
ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਅੱਜ ਸਮੂਹ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਦੇ ਨੁਮਾਇੰਦਿਆ ਵਲੋਂ 25 ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਮੁਫਤ ਮਾਸਕ ਵੰਡ ਕੇ, ਇਸ ਬਿਮਾਰੀ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ 15 ਦਿਨਾਂ ਤੱਕ ਲਗਾਤਾਰ ਜਾਰੀ ਰਹੇਗੀ। ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਨੇ ਕੋਟਕਪੂਰਾ ਚੌਂਕ ਵਿਖੇ ਮਾਸਕ ਵੰਡ ਕੇ ਆਮ ਜਨਤਾ, ਦੁਕਾਨਦਾਰਾਂ, ਰੇਹੜੀ ਵਾਲਿਆਂ ਅਤੇ ਰਾਹਗੀਰਾਂ ਨੂੰ ਮਾਸਕ ਪਹਿਣ ਕੇ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਗੁਰਿੰਦਰ ਸਿੰਘ ਸਰਾਓ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਓਮ ਪ੍ਰਕਾਸ਼ ਐਸ.ਡੀ.ਐਮ ਅਤੇ ਗਗਨਦੀਪ ਸਿੰਘ ਸਹਾਇਕ ਕਮਿਸ਼ਨਰ ਜਨਰਲ ਨੇ ਵੀ ਲੋਕਾਂ ਨੂੰ ਮੁਫਤ ਮਾਸਕ ਵੰਡ ਕੇ ਇਸ ਬਿਮਾਰੀ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ।