ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2020-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ 25 ਸਤੰਬਰ ਦੇ ਪੰਜਾਬ ਬੰਦ ਦੀ ਸਫਲਤਾ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਨਵੀਂ ਦਾਣਾ ਮੰਡੀ, ਘਾਹ ਮੰਡੀ ਚੌਂਕ ਤੇ ਮਸੀਤ ਚੌਂਕ ਵਿੱਚ ਬੋਲਦਿਆਂ ਕਿਸਾਨ ਆਗੂਆਂ ਗੁਰਾਂਦਿੱਤਾ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂ ਵਾਲੀ, ਤੇ ਹਰਫੂਲ ਸਿੰਘ ਭਾਗਸਰ ਨੇ ਆਖਿਆ ਕਿ ਦੇਸ ਦੇ ਅੰਨਦਾਤਿਆਂ ਨੂੰ ਕੰਗਾਲ ਕਰਨ ਲਈ ਪਾਸ ਕੀਤੇ ਗਏ ਬਣ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨ ਲਈ ਹਨ, ਜਿਹਨਾਂ ਨੂੰ ਪੰਜਾਬ ਦੇ ਕਿਸਾਨ ਹਰਗਿਜ ਲਾਗੂ ਨਹੀਂ ਹੋਣ ਦੇਣਗੇ।
ਉਹਨਾਂ ਆਖਿਆ ਕਿ ਦੇਸ ਦੀ ਕਿਸਾਨੀ ਡੋਬਣ ਤੇ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੀਆਂ ਜਿਉਣ ਹਾਲਤਾਂ ਨੂੰ ਬਦਤਰ ਕਰਨ ਵਾਲੀ ਭਾਜਪਾ ਸਰਕਾਰ ਨੂੰ ਧਨਾਢ, ਵਪਾਰਕ ਘਰਾਣਿਆਂ ਦੀ ਕੀਤੀ ਜਾਣ ਵਾਲੀ ਚਾਕਰੀ ਮਹਿੰਗੀ ਪਵੇਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਆਰਡੀਨੈਂਸਾਂ ਖਿਲਾਫ ਉੱਠੇ ਕਿਸਾਨ ਰੋਹ ਵਿੱਚ ਨੌਜਵਾਨਾਂ ਤੇ ਔਰਤਾਂ ਦੀ ਸੰਘਰਸਾਂ ਵਿੱਚ ਵਧੀ ਨਿਹਚਾ ਸਰਕਾਰ ਲਈ ਚੁਣੌਤੀ ਬਣੇਗੀ। ਆਗੂਆਂ ਨੇ ਆੜ੍ਹਤੀਆਂ, ਵਪਾਰੀਆਂ, ਦੁਕਾਨਦਾਰਾਂ ਸਮੇਤ ਸਭਨਾਂ ਵਰਗਾਂ ਪੰਜਾਬ ਬੰਦ ਨੂੰ ਅਪੀਲ ਕਰਦਿਆਂ ਆਖਿਆ ਕਿ ਆਰਡੀਨੈਂਸਾਂ ਦਾ ਹਮਲਾ ਕੇਵਲ ਕਿਸਾਨੀ ਤੇ ਨਹੀਂ ਸਾਰੇ ਵਰਗਾਂ ਨੂੰ ਆਪਣੀ ਮਾਰ ਹੇਠ ਲੈਣ ਵਾਲਾ ਹੈ।
ਮਾਰਚ ਵਿੱਚ ਸਾਮਲ ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਸੰਬੋਧਨ ਕਰਦਿਆਂ ਕਿਸਾਨ ਸੰਘਰਸ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਅਧਿਆਪਕ ਆਗੂਆਂ ਨੇ ਆਖਿਆ ਕਿ ਸੰਘਰਸਾਂ ਨਾਲ ਹੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦਾ ਮੂੰਹ ਮੋੜਿਆ ਜਾਵੇਗਾ।ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਰਾਜਾ ਸਿੰਘ ਮਹਾਂਬੱਧਰ, ਹਰਚਰਨ ਸਿੰਘ ਲੱਖੇਵਾਲੀ, ਕਾਕਾ ਸਿੰਘ ਖੁੰਡੇ ਹਲਾਲ, ਨਰ੍ਹ ਸਿੰਘ ਅਕਾਲੀ, ਦਰਸਨ ਸਿੰਘ ਆਦਿ ਆਗੂ ਵੀ ਸਾਮਲ ਸਨ।