ਆਕਲੈਂਡ, 23 ਸਤੰਬਰ 2020 – ਨਿਊਜ਼ੀਲੈਂਡ ‘ਚ ਪਿਛਲੇ ਦੋ ਦਿਨਾਂ ਤੋਂ ਕਮਿਊਨਿਟੀ ਕੋਰੋਨਾ ਕੇਸਾਂ ਦੀ ਆਮਦ ਜ਼ੀਰੋ ਆ ਰਹੀ ਸੀ ਪਰ ਅੱਜ ਤਿੰਨ ਨਵੇਂ ਕੇਸ ਕਮਿਊਨਿਟੀ ਨਾਲ ਸਬੰਧਿਤ ਆ ਗਏ ਹਨ। ਫਿਕਰ ਵਾਲੀ ਗੱਲ ਇਹ ਹੈ ਕਿ ਇਹ ਕੇਸ ਔਕਲੈਂਡ ਕਲੱਸਟਰ ਨਾਲ ਸਬੰਧਿਤ ਨਹੀਂ ਹਨ। ਔਕਲੈਂਡ ਖੇਤਰ ਅੱਜ ਰਾਤ 11.59 ਮਿੰਟ ਉਤੇ ਲਾਕਡਾਊਨ 2.0 ਉਤੇ ਤਬਦੀਲ ਕੀਤਾ ਜਾ ਰਿਹਾ ਹੈ ਜਦ ਕਿ ਦੇਸ਼ ਦਾ ਬਾਕੀ ਹਿੱਸਾ ਬੀਤੇ ਸੋਮਵਾਰ ਦੀ ਰਾਤ ਤੋਂ ਲਾਕਡਾਊਨ ਲੈਵਲ-1 ਉੱਤੇ ਕਰ ਦਿੱਤਾ ਗਿਆ ਸੀ। ਔਕਲੈਂਡ ਵਾਸੀਆਂ ਨੂੰ 100 ਵਿਅਕਤੀਆਂ ਦੇ ਜਨਤਕ ਇਕੱਠ ਦੀ ਇਜਾਜਤ ਕੱਲ੍ਹ ਤੋਂ ਮਿਲ ਜਾਵੇਗੀ।
ਸਿਹਤ ਮੰਤਰਾਲੇ ਕਿਹਾ ਕਿ ਦੇਸ਼ ਵਿੱਚ 6 ਇਤਿਹਾਸਕ ਕੇਸ ਵੀ ਹਨ, ਜਿਸ ‘ਚ 21 ਫਰਵਰੀ ਦਾ ਇੱਕ ਕੇਸ ਵੀ ਸ਼ਾਮਿਲ ਹੈ ਜੋ ਕਿ ਨਿਊਜ਼ੀਲੈਂਡ ਵਿੱਚ ਸਭ ਤੋਂ ਪੁਰਾਣਾ ਪਤਾ ਲੱਗਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕੇਸ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਹਿਲੀ ਵਾਰ ਰਿਪੋਰਟ ਕਰਨ ਲਈ 6 ਇਤਿਹਾਸਕ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 1 ਦੀ ਪੁਸ਼ਟੀ ਹੋਈ ਹੈ ਅਤੇ 5 ਸੰਭਾਵਿਤ ਕੇਸ ਹਨ। ਮੰਤਰਾਲੇ ਨੇ ਕਿਹਾ ਕਿ ਉਹ ਵਾਇਕਾਟੋ ਨਾਲ ਜੁੜੇ ਹੋਏ ਹਨ ਅਤੇ ਜਨਤਾ ਦੇ ਲਈ ਕੋਈ ਖ਼ਤਰਾ ਨਹੀਂ ਹੈ। ਇਹ ਲਾਗ ਫਰਵਰੀ ਦੇ ਅਖੀਰ ਵਿੱਚ ਇਟਲੀ ਤੋਂ ਇੱਕ ਸੰਕਰਮਿਤ ਵਿਅਕਤੀ (ਇੱਕ ਹੋਰ ਪਰਿਵਾਰਕ ਮੈਂਬਰ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੋਇਆ ਸੀ।
ਇਸ ਵੇਲੇ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 62 ਰਹਿ ਗਈ ਹੈ, ਕਿਉਂਕਿ ਕੋਵਿਡ -19 ਤੋਂ 8 ਵਿਅਕਤੀ ਠੀਕ ਵੀ ਹੋਏ ਹਨ। ਇਨ੍ਹਾਂ 62 ਕੇਸਾਂ ਵਿੱਚ 34 ਕੇਸ ਕਮਿਊਨਿਟੀ ਅਤੇ 28 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 6,938 ਟੈਸਟ ਕੀਤੇ ਗਏ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1824 ਕੇਸ ਹਨ। ਜਿਨ੍ਹਾਂ ਵਿੱਚੋਂ 1,468 ਪੁਸ਼ਟੀ ਕੀਤੇ ਅਤੇ 356 ਸੰਭਾਵਿਤ ਕੇਸ ਹੀ ਹਨ। ਕੋਰੋਨਾ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1737 ਹੈ, ਦੇਸ਼ ਵਿੱਚ ਕੋਵਿਡ -19 ਤੋਂ 8 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ‘ਚ ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ 25 ਹੈ।