ਔਕਲੈਂਡ, 18 ਸਤੰਬਰ 2020 – ਨਿਊਜ਼ੀਲੈਂਡ ‘ਚ ਆਮ ਚੌਣਾਂ ਦੇ ਲਈ ਲਗਪਗ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਪਰ ਕਰੋਨਾ ਵਾਇਰਸ ਕਰਕੇ ਲੱਗੀਆਂ ਬੰਦਿਸ਼ਾਂ ਨੇ ਇਨ੍ਹਾਂ ਚੋਣਾਂ ਦਾ ਮਾਹੌਲ ਮੱਧਮ ਕਰ ਦਿੱਤਾ ਸੀ। 11 ਅਗਸਤ ਤੋਂ ਦੁਬਾਰਾ ਪੈਦਾ ਹੋਏ ਕਰੋਨਾ ਕੇਸਾਂ ਦੇ ਵਧਦੇ ਘਟਦੇ ਗ੍ਰਾਫ ਨੇ ਸਾਰਿਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਸੀ, ਪਰ ਹੁਣ ਲਗਾਤਾਰ ਚੌਥੇ ਦਿਨ ਕਮਿਊਨਿਟੀ ਦੇ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਕਰਕੇ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਹੈ। ਇਸ ਵੇਲੇ ਔਕਲੈਂਡ ਕਲੱਸਟਰ ਨਾਲ ਜੁੜੇ 54 ਲੋਕ ਪ੍ਰਬੰਧਕੀ ਆਈਸੋਲੇਸ਼ਨ ਵਿੱਚ ਹਨ। ਇਨ੍ਹਾਂ ਲੋਕਾਂ ਵਿਚੋਂ ਵਾਇਰਸ ਅਤੇ ਘਰੇਲੂ ਸੰਪਰਕ ਨਾਲ 22 ਜਣਿਆਂ ਦਾ ਕਰੋਨਾ ਟੈੱਸਟ ਪਾਜ਼ੀਟਿਵ ਆਇਆ ਹੈ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 70 ਰਹਿ ਗਈ ਹੈ, ਕਿਉਂਕਿ ਕੋਵਿਡ -19 ਤੋਂ 7 ਵਿਅਕਤੀ ਠੀਕ ਵੀ ਹੋਏ ਹਨ। ਇਨ੍ਹਾਂ ਵਿਚੋਂ 37 ਕੇਸ ਕਮਿਊਨਿਟੀ ਅਤੇ 33 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ ਲਗਭਗ 7,360 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 897,077 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ 1809 ਕੇਸ ਹੋਏ ਹਨ ਜਿਨ੍ਹਾਂ ਚੋਂ 1,458 ਪੁਸ਼ਟੀ ਕੀਤੇ ਤੇ 351 ਸੰਭਾਵਿਤ ਕੇਸ ਰਹੇ ਹਨ। ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1714 ਅਤੇ ਮੌਤਾਂ ਦੀ ਗਿਣਤੀ 25 ਹੈ।