ਕਾਦੀਆਂ, 18 ਸਤੰਬਰ 2020 – ਦੁਬਈ ‘ਚ ਮਾੜੀ ਹਾਲਤ ‘ਚ ਰਹਿ ਰਹੇ ਗੁਰਦੀਪ ਸਿੰਘ ਅਤੇ ਉਸਦੇ ਸਾਥੀ ਚਰਨਜੀਤ ਸਿੰਘ ਬੀਤੀ ਕੱਲ੍ਹ ਰਾਤ ਆਪਣੇ ਘਰਾਂ ‘ਚ ਪਹੁੰਚ ਗਏ। ਘਰ ਪਹੁੰਚਣ ਤੇ ਜਿਵੇਂ ਹੀ ਮਾਂ ਦੀ ਨਜ਼ਰ ਆਪਣੇ ਪੁੱਤ ਤੇ ਪਈ ਤਾਂ ਉਹ ਉਸ ਨਾਲ ਲਿਪਟਕੇ ਰੋਣ ਲਗੀ। ਉਸਨੇ ਆਪਣੇ ਬੇਟੇ ਦਾ ਮੱਥਾ ਚੁੰਮਣ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਰਈਸ ਬਾਲਮੀਕ ਦਾ ਧੰਨਵਾਦ ਕੀਤਾ ਕਿ ਉਸਦੇ ਵੱਲੋਂ ਪਾਈ ਵੀਡੀਓ ਕਾਰਨ ਅੱਜ ਮੇਰਾ ਬੇਟਾ ਮੇਰੇ ਕੋਲ ਖਲੋਤਾ ਹੈ।
ਇਸ ਮੌਕੇ ਤੇ ਚਰਨਜੀਤ ਸਿੰਘ ਜੋ ਕਿ ਫ਼ਗਵਾੜਾ ਦੇ ਨੇੜੇ ਦਾ ਰਹਿਣ ਵਾਲਾ ਹੈ ਉਹ ਵੀ ਸਿੱਧਾ ਅੰਮ੍ਰਿਤਸਰ ਏਅਰਪੋਰਟ ਤੋਂ ਗੁਰਦੀਪ ਸਿੰਘ ਦੇ ਨਾਲ ਉਸਦੇ ਘਰ ਪਹੁੰਚ ਗਿਆ। ਇਨ੍ਹਾਂ ਦੋਂਵਾ ਨੂੰ ਗੁਰਦਾਸਪੁਰ ਟ੍ਰਾਂਸਪੋਰਟ ਦੁਬਈ ਦੇ ਮਾਲਿਕ ਜੋਗਿੰਦਰ ਸਿੰਘ ਸਲਾਰਿਆ ਨੇ ਹਰ ਤਰ੍ਹਾਂ ਦੀ ਮਦਦ ਦਿਤੀ ਸੀ ਅਤੇ ਅੰਮ੍ਰਿਤਸਰ ਏਅਰ ਪੋਰਟ ਤੋਂ ਲੈ ਕੇ ਦੋਵਾਂ ਨੂੰ ਆਪਣੇ ਘਰ ਪਹੁੰਚਾਉਣ ਲਈ ਵਾਹਨ ਵੀ ਮੁਹੱਈਆ ਕਰਵਾਏ ਗਏ ਸਨ।
ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਸਾਨੂੰ ਛੇਤੀ ਤੋਂ ਛੇਤੀ ਭਾਰਤ ਭੇਜਣ ਲਈ ਟਵੀਟ ਕੀਤਾ ਸੀ। ਉਨ੍ਹਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਵਾਪਸੀ ਲਈ ਸਹਿਯੋਗ ਦਿੱਤਾ। ਦੂਜੇ ਪਾਸੇ ਗੁਰਦਾਸਪੁਰ ਟ੍ਰਾਂਸਪੋਰਟ ਦੁਬਈ ਦੇ ਮਾਲਿਕ ਜੋਗਿੰਦਰ ਸਿੰਘ ਸਲਾਰਿਆ ਨੇ ਕਿਹਾ ਹੈ ਕਿ ਉਹ ਲਾਚਾਰ ਲੋਕਾਂ ਅਤੇ ਗ਼ਰੀਬਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਨ।