ਬੀਜਿੰਗ, 18 ਅਗਸਤ, 2023: ਚੀਨ ਨੇ ਕੈਨੇਡਾ ਨੂੰ ਇਸਦੇ ਸੈਲਾਨੀਆਂ ਦੇ ਗਰੁੱਪ ਟੂਰ ਸੂਚੀ ਵਿਚੋਂ ਕੱਢ ਦਿੱਤਾ ਹੈ ਜਿਸ ਨਾਲ ਕੈਨੇਡਾ ਦੇ ਅਰਥਚਾਰੇ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਇਕ ਅਨੁਮਾਨ ਮੁਤਾਬਕ ਚੀਨ ਦੇ ਸੈਲਾਨੀ ਹਰ ਸਾਲ 740 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਕੈਨੇਡਾ ਦੇ ਅਰਥਚਾਰੇ ਵਿਚ ਪਾਉਂਦੇ ਹਨ।
ਚੀਨ ਦੇ ਟੂਰ ਅਪਰੇਟਰਾਂ ਨੂੰ ਨਿਯਮਿਤ ਕਰਨ ਵਾਲੇ ਸਭਿਆਚਾਰਕ ਤੇ ਸੈਰ ਸਪਾਟਾ ਮੰਤਰਾਲੇ ਨੇ ਭਾਵੇਂ ਦਾਅਵਾ ਕੀਤਾ ਹੈ ਕਿ ਸੈਲਾਨੀਆਂ ਦੀ ਸੁਰੱਖਿਆ ਲਈ ਅਜਿਹਾ ਕੀਤਾ ਗਿਆ ਹੈ ਪਰ ਸਿਆਸੀ ਮਾਹਿਰ ਇਸਨੂੰ ਇਕ ਸਿਆਸੀ ਫੈਸਲਾ ਮੰਨ ਰਹੇ ਹਨ।
ਕੈਨੇਡਾ ਨੇ ਹਾਲ ਹੀ ਵਿਚ ਚੀਨ ’ਤੇ ਇਸਦੀ ਸਿਆਸਤ ਵਿਚ ਦਖਲ ਦੇਣ ਦੇ ਦੋਸ਼ ਲਾਏ ਸਨ ਜਿਸ ਮਗਰੋਂ ਦੋਵਾਂ ਮੁਲਕਾਂ ਦੇ ਸੰਬੰਧ ਖਰਾਬ ਹੋ ਗਏ ਸਨ।
ਪਿਛਲੇ ਹਫਤੇ ਚੀਨ ਨੇ ਅਮਰੀਕਾ, ਜਰਮਨੀ, ਆਸਟਰੇਲੀਆ ਤੇ ਦੱਖਣੀ ਕੋਰੀਆ ਸਮੇਤ 78 ਮੁਲਕਾਂ ਦੇ ਨਾਂ ਆਪਣੇ ਗਰੁੱਪ ਟੂਰ ਸੂਚੀ ਵਿਚ ਸ਼ਾਮਲ ਕੀਤੇ ਸਨ। ਹੁਣ ਸੂਚੀ ਵਿਚ 138 ਦੇਸ਼ਾਂ ਦਾ ਨਾਂ ਹੈ।