ਪਾਵਨ ਬੀੜਾਂ ਗਾਇਬ ਹੋਣ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਨਿੱਜੀ ਨਿਗਰਾਨੀ ਵਿੱਚ ਜਾਂਚ ਕਰਵਾਉਣ ਦੀ ਮੰਗਐਸ.ਏ.ਐਸ.ਨਗਰ, 17 ਸਤੰਬਰ – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਗਾਇਬ ਹੋਣ ਦੇ ਮਾਮਲੇ ਵਿੱਚ ਚਲ ਰਹੀ ਜਾਂਚ ਤੇ ਕਿਤੂੰ ਕਰਦਿਆਂ ਟ੍ਰਾਈਸਿਟੀ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਖੁਦ ਆਪਣੀ ਨਿਗਰਾਨੀ ਹੇਠ ਪਾਵਨ ਬੀੜਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਨੂੰ ਯਕੀਨੀ ਬਨਾਉਣ|
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ, ਅਮਰਿੰਦਰ ਸਿੰਘ, ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਅਤੇ ਹੋਰਨਾਂ ਨੇ ਇਸ ਮੌਕੇ ਕਿਹਾ ਕਿ ਇਸ ਮਾਮਲੇ ਵਿੱਚ ਚੱਲਣ ਵਾਲੀ ਜਾਂਚ ਨਾਲ ਇਹ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੇ ਜਿੰਮੇਵਾਰ ਲੋਕਾਂ ਨੂੰ ਬਚਾਉਣ ਦੀ ਸਾਜਿਸ਼ ਚਲ ਰਹੀ ਹੈ ਜਿਸ ਕਾਰਨ ਸੰਗਤਾਂ ਵਿੱਚ ਰੋਸ ਫੈਲ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਸਿੱਖ ਸੰਗਤਾਂ ਦੇ ਮਨਾਂ ਵਿੱਚ ਫੈਲ ਰਹੇ ਤੌਖਲਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਖੁਦ ਆਪਣੀ ਨਿਗਰਾਨੀ ਹੇਠ ਇਸ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ| ਉਹਨਾਂ ਕਿਹਾ ਕਿ ਸੰਗਤ ਦਾ ਭਰੋਸਾ ਤਾਂ ਹੀ ਬਹਾਲ ਹੋਵੇਗਾ ਜੇਕਰ ਜੱਥੇਦਾਰ ਵਲੋਂ ਖੁਦ ਇਸ ਮਾਮਲੇ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਸਮੇਂ-ਸਮੇਂ ਤੇ ਜਾਂਚ ਦੌਰਾਨ ਜਾਰੀ ਤੱਥਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾਵੇਗਾ|
ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਿਤ ਗੁਰੂ ਹੋਣ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਅਤੇ ਪਾਵਨ ਬੀੜਾਂ ਨੂੰ ਗਾਇਬ ਕਰਨ ਜਾਂ ਉਨ੍ਹਾਂ ਨੂੰ ਖਤਮ ਕਰਨ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ| ਇਸਦੇ ਨਾਲ ਹੀ ਇਸ ਸੰਬਧੀ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਹਦਾਇਤ ਦਿੱਤੀ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਕਾਰਨ ਸਿੱਖ ਸੰਗਤ ਦਾ ਭਰੋਸਾ ਡੋਲਦਾ ਜਾ ਰਿਹਾ ਹੈ ਜਿਸਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਉਪਰ ਉੱਠ ਕੇ ਪੂਰੀ ਤਰ੍ਹਾਂ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ|
ਇਸ ਮੌਕੇ ਸਾਬਕਾ ਡਿਪਟੀ ਮੇਅਰ ਚੰਡੀਗੜ੍ਹ ਸ੍ਰ. ਮਹਿੰਦਰ ਸਿੰਘ, ਜਤਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਅਵਤਾਰ ਸਿੰਘ ਰਾਮ ਦਰਬਾਰ, ਭਗਤ ਸਿੰਘ, ਕਰਮਿੰਦਰ ਸਿੰਘ, ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਜਸੱਲ, ਤਰਸੇਮ ਸਿੰਘ, ਗੁਰਦੀਪ ਸਿੰਘ, ਨਾਨਕ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ ਸੋਢੀ, ਜਗਤਾਰ ਸਿੰਘ ਘੜੂੰਆ, ਜਸਰਾਜ ਸਿੰਘ ਸੋਨੂੰ, ਜੀ.ਐਸ. ਮੁੰਦਰਾ, ਗੁਰਮੇਲ ਸਿੰਘ, ਪੂਰਨ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ, ਨਵਜੋਤ ਸਿੰਘ, ਭਾਈ ਪ੍ਰੇਮ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਆਰ.ਪੀ. ਸਿੰਘ, ਭੁਪਿੰਦਰ ਸਿੰਘ, ਨਾਦਰ ਸਿੰਘ, ਇੰਦਰਜੀਤ ਸਿੰਘ ਹਾਜਿਰ ਸਨ