ਅੰਮ੍ਰਿਤਸਰ, 16 ਸਤੰਬਰ 2020 – ਜ਼ਿਲ੍ਹੇ ਵਿਚ ਵੱਧ ਰਹੇ ਕੋਵਿਡ-19 ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਿਰੁੱਧ ਜੰਗ ਜਿੱਤਣ ਲਈ ਆਪਣੇ ਟੈਸਟ ਕਰਵਾਉਣ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਟੈਸਟ ਨਾ ਕਰਵਾਉਣ ਲਈ ਵੀ ਉਕਸਾ ਰਹੇ ਹਨ ਅਤੇ ਇਸ ਬਾਬਤ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਦੇ ਰਹੇ ਹਨ, ਜਦਕਿ ਅਸੀਲਅਤ ਇਹ ਹੈ ਕਿ ਸਮੇਂ ਸਿਰ ਕਰਵਾਇਆ ਟੈਸਟ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜਾਨ ਬਚਾ ਸਕਦਾ ਹੈ।। ਉਨ੍ਹਾਂ ਕਿਹਾ ਕਿ ਮਰੀਜ਼ਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਕਈ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਕੀਤਾ ਜਾ ਰਿਹਾ ਹੈ।। ਕਈ ਨਿੱਜੀ ਹਸਪਤਾਲਾਂ ਵਿਚ ਵੀ ਇਲਾਜ ਜਾਰੀ ਹੈ ਅਤੇ ਲੋਕ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਜਾ ਰਹੇ ਹਨ, ਪਰ ਇਹ ਤਾਂ ਹੀ ਸੰਭਵ ਹੋਣਾ ਹੈ। ਜੇਕਰ ਤੁਸੀਂ ਆਪਣਾ ਕੋਵਿਡ-19 ਟੈਸਟ ਕਰਵਾਉਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਖੋਜ ਦੱਸਦੀ ਹੈ ਕਿ ਜਿਹੜੇ ਲੋਕ ਪਹਿਲੀ ਸਟੇਜ ਉਤੇ ਕੋਰੋਨਾ ਦਾ ਟੈਸਟ ਕਰਵਾ ਰਹੇ ਹਨ। ਉਹ ਠੀਕ ਵੀ ਜਲਦੀ ਹੋ ਰਹੇ ਹਨ, ਜਦਕਿ ਕੇਸ ਵਿਗੜਨ ਉਤੇ ਸਮਾਂ ਵੀ ਵੱਧ ਲੱਗ ਰਿਹਾ ਹੈ ਅਤੇ ਖ਼ਤਰਾ ਵੀ ਵੱਧ ਰਿਹਾ ਹੈ।।
ਇਸੇ ਦੌਰਾਨ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਪੱਛਮੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਸਾਵਧਾਨ ਰਹੋ, ਡਰੋ ਨਾ। ਉਨ੍ਹਾਂ ਕਿਹਾ ਕਿ ਜੇਕਰ ਤਹਾਨੂੰ ਰਤੀ ਭਰ ਵੀ ਕੋਰੋਨਾ ਦਾ ਸ਼ੱਕ ਪੈਂਦਾ ਹੈ ਤਾਂ ਸਰਕਾਰੀ ਹਸਪਤਾਲ ਜਾਂ ਮੋਬਾਈਲ ਵੈਨਾਂ ਤੋਂ ਮੁਫਤ ਟੈਸਟ ਕਰਵਾਓ।। ਜੇਕਰ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆ ਵੀ ਜਾਂਦੀ ਹੈ ਤਾਂ ਵੀ ਤੁਸੀਂ ਘਰ ਰਹਿ ਕੇ ਡਾਕਟਰਾਂ ਦੀ ਨਿਗਰਾਨੀ ਹੇਠ ਆਪਣਾ ਇਲਾਜ ਕਰ ਸਕਦੇ ਹੋ।। ਇਸ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਮੁੱਖ ਲੱਛਣ ਜਿਸ ਵਿਚ ਬੁਖਾਰ, ਖਾਂਸੀ, ਗਲਾ ਖਰਾਬ ਆਦਿ ਮੁੱਖ ਹਨ, ਸਾਹਮਣੇ ਆਉਣ ਉੱਤੇ ਤਰੁੰਤ ਕੋਰੋਨਾ ਟੈਸਟ ਕਰਵਾਉਣ।