ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 – ਸ੍ਰੀ ਮੁਕਤਸਰ ਸਾਹਿਬ ਟੈਂਟ ਡੀਲਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਮਹਿਮਾ ਸਿੰਘ ਦੀ ਅਗਵਾਈ ’ਚ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਡਿਪਟੀ ਕਮਿਸ਼ਨਰ ਰਾਹੀਂ ਐਮਕੇ ਅਰਾਵਿੰਦ ਕੁਮਾਰ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ। ਸੌਂਪੇ ਗਏ ਮੰਗ ਪੱਤਰ ਦੌਰਾਨ ਮੈਂਬਰਾਂ ਨੇ ਮੰਗ ਕੀਤੀ ਕਿ ਪੂਰੇ ਪੰਜਾਬ ਵਿੱਚ ਕਰੀਬ 15,500 ਟੈਂਟ ਹਾਊਸ ਹਨ ਤੇ ਇਹ ਸਾਰੇ ਹੀ ਪੰਜਾਬ ਵਾਸੀਆਂ ਦੇ ਦੁੱਖ ਸੁੱਖ ਦੇ ਸਾਥੀ ਹਨ, ਪਰ ਦੇਸ਼ ਵਿੱਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਉਹ ਪਿਛਲੇਂ 6 ਮਹੀਨਿਆਂ ਤੋਂ ਮਾਨਸਿਕ ਤੇ ਆਰਥਿਕ ਤੰਗੀ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ, ਘਰੇਲੂ ਖਰਚੇ, ਬੱਚਿਆਂ ਦੀਆਂ ਸਕੂਲ ਫੀਸਾਂ ਤੇ ਦੁਕਾਨਾਂ ਦੇ ਕਿਰਾਏ ਦੇਣੇ ਵੀ ਔਖੇ ਹੋ ਗਏ ਹਨ। ਐਸੋਸ਼ੀਏਸ਼ਨ ਮੈਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਟੈਂਟ ਹਾਊਸ ਦੀ ਟਰੇਡ ’ਤੇ ਲੱਗੀ ਪਾਬੰਦੀ ਹਟਾਈ ਜਾਵੇ ਤੇ 400 ਵਿਅਕਤੀਆਂ ਦੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਮੈਂਬਰਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾ ਉਹ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪੂਰਨ ਤੌਰ ’ਤੇ ਪਾਲਣਾ ਕਰਨਗੇ। ਇਸ ਮੌਕੇ ਜੀਤ ਸਿੰਘ, ਸੰਦੀਪ ਕੁਮਾਰ, ਦਵਿੰਦਰ ਕੁਮਾਰ ਲੂਨਾ, ਪ੍ਰਕਾਸ਼ ਚੰਦ, ਗੋਲਡੀ ਸੋਹਲ, ਗੁਰਪ੍ਰੀਤ ਸਿੰਘ ਤੇ ਹਰਦੀਪ ਸਿੰਘ ਵੀ ਹਾਜ਼ਰ ਸਨ।