ਨਵੀਂ ਦਿੱਲੀ, 18 ਸਤੰਬਰ- ਹੋਮਿਓਪੈਥੀ ਕੇਂਦਰੀ ਪ੍ਰੀਸ਼ਦ ਸੋਧ ਬਿੱਲ 2020 ਰਾਜ ਸਭਾ ਵਿੱਚ ਪਾਸ ਹੋ ਗਿਆ ਹੈ| ਇਸ ਦੇ ਨਾਲ ਹੀ ਭਾਰਤੀ ਮੈਡੀਕਲ ਕੇਂਦਰੀ ਪ੍ਰੀਸ਼ਦ ਸੋਧ ਬਿੱਲ 2020 ਨੂੰ ਵੀ ਪਾਸ ਕਰ ਦਿੱਤਾ ਗਿਆ ਹੈ| ਸੋਧਾਂ ਦੇ ਮਾਧਿਅਮ ਨਾਲ ਹੋਮਿਓਪੈਥੀ ਸਿੱਖਿਆ ਦੇ ਖੇਤਰ ਵਿੱਚ ਜ਼ਰੂਰੀ ਨਿਯਮ ਸੁਧਾਰ ਯਕੀਨੀ ਹੋਣਗੇ ਅਤੇ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਪਾਰਦਰਸ਼ਤਾ ਅਤੇ ਜਵਾਹਦੇਹੀ ਤੈਅ ਕੀਤੀ ਜਾਵੇਗੀ|
ਇਸ ਬਿੱਲ ਦੇ ਪਾਸ ਹੋਣ ਨਾਲ ਹੁਣ ਹੋਮਿਓਪੈਥੀ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਦੇ ਨਾਲ-ਨਾਲ ਸਸਤੀ ਪੜ੍ਹਾਈ ਮੁਹੱਈਆ ਕਰਵਾਈ ਜਾ ਸਕੇਗੀ| ਇਸ ਬਿੱਲ ਵਿੱਚ ਹੋਮਿਓਪੈਥੀ ਨਾਲ ਸੰਬੰਧਤ ਉੱਚ ਪੱਧਰੀ ਮਾਹਰਾਂ ਦੀ ਉਪਲੱਬਧਤਾ ਵੀ ਯਕੀਨੀ ਕਰਵਾਈ ਜਾ ਸਕੇਗੀ| ਇਸ ਦੇ ਨਾਲ ਹੀ ਕਮਿਸ਼ਨ ਦੇ ਸਾਰੇ ਹਿੱਸਿਆਂ ਵਿੱਚ ਕਿਫਾਇਤੀ ਸਿਹਤ ਦੇਖਭਾਲ ਸੇਵਾਵਾਂ ਦੀ ਉਪਲੱਬਧਤਾ ਨੂੰ ਉਤਸ਼ਾਹ ਹੋਵੇਗਾ| ਕੇਂਦਰੀ ਹੋਮਿਓਪੈਥੀ ਪ੍ਰੀਸ਼ਦ ਦੇ ਸਥਾਨ ਤੇ ਰਾਸ਼ਟਰੀ ਹੋਮਿਓਪੈਥੀ ਕਮਿਸ਼ਨ ਦਾ ਗਠਨ ਕੀਤਾ ਜਾ ਸਕੇਗਾ|
ਜਿਕਰਯੋਗ ਹੈ ਕਿ ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਹੋਮਿਓਪੈਥੀ ਕੇਂਦਰੀ ਪ੍ਰੀਸ਼ਦ ਦੇ ਗਠਨ ਵਿੱਚ 3 ਸਾਲ ਕਿਉਂ ਲੱਗ ਗਏ| ਕਾਂਗਰਸ ਮੈਂਬਰ ਰਿਪੁਨ ਬੋਰਾ ਨੇ ਕਿਹਾ ਕਿ ਹੋਮਿਓਪੈਥੀ ਕੇਂਦਰੀ ਪ੍ਰੀਸ਼ਦ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਸ ਦੇ ਸਥਾਨ ਤੇ ਸੰਚਾਲਕ ਮੰਡਲ ਦੀ ਸਥਾਪਨਾ ਕੀਤੀ ਗਈ ਸੀ| ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਇਕ ਸਾਲ ਦੇ ਅੰਦਰ ਪ੍ਰੀਸ਼ਦ ਦਾ ਗਠਨ ਕਰ ਲਿਆ ਜਾਵੇਗਾ| ਬਾਅਦ ਵਿੱਚ ਉਹ ਸਮਾਂ ਵਧਾ ਕੇ 2 ਸਾਲ ਕਰ ਦਿੱਤਾ|
ਬੋਰਾ ਸਦਨ ਵਿੱਚ ਹੋਮਿਓਪੈਥੀ ਕੇਂਦਰੀ ਪ੍ਰੀਸ਼ਦ (ਸੋਧ) ਬਿੱਲ 2020 ਅਤੇ ਭਾਰਤੀ ਮੈਡੀਕਲ ਕੇਂਦਰੀ ਪ੍ਰੀਸ਼ਦ (ਸੋਧ) ਬਿੱਲ 2020 ਤੇ ਇਕੱਠੇ ਹੋਈ ਚਰਚਾ ਵਿੱਚ ਹਿੱਸਾ ਲੈ ਰਹੇ ਸਨ| ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਪ੍ਰੀਸ਼ਦ ਦੇ ਗਠਨ ਵਿੱਚ ਇੰਨੀ ਦੇਰ ਕਿਉਂ ਹੋਈ ਕਿ ਸਰਕਾਰ ਨੂੰ ਆਰਡੀਨੈਂਸ ਅਤੇ ਹੁਣ ਬਿੱਲ ਲਿਆਉਣਾ ਪਿਆ| ਸਪਾ ਮੈਂਬਰ ਰਾਮਗੋਪਾਲ ਵਰਮਾ ਨੇ ਵੀ ਹੋਮਿਓਪੈਥੀ ਪ੍ਰੀਸ਼ਦ ਦੇ ਗਠਨ ਵਿੱਚ ਦੇਰੀ ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਸਰਕਾਰ ਸਮੇਂ ਤੋਂ ਪ੍ਰੀਸ਼ਦ ਦਾ ਗਠਨ ਕਿਉਂ ਨਹੀਂ ਕਰ ਪਾ ਰਹੀ ਹੈ| ਯਾਦਵ ਨੇ ਹੋਮਿਓਪੈਥੀ ਅਤੇ ਆਯੂਰਵੇਦ ਸਮੇਤ ਭਾਰਤੀ ਮੈਡੀਕਲ ਦੀ ਲੋਕਪ੍ਰਿਯਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਕਰੀਬ 70 ਫੀਸਦੀ ਲੋਕ ਇਨ੍ਹਾਂ ਤੋਂ ਇਲਾਜ ਕਰਵਾਉਂਦੇ ਹਨ|