ਜੈਪੁਰ, 16 ਸਤੰਬਰ – ਰਾਜਸਥਾਨ ਵਿੱਚ ਕੋਟਾ ਜ਼ਿਲ੍ਹੇ ਦੇ ਖਾਤੌਲੀ ਥਾਣਾ ਖੇਤਰ ਵਿੱਚ ਚੰਬਲ ਨਦੀ ਵਿੱਚ ਇਕ ਕਿਸ਼ਤੀ ਪਲਟਣ ਨਾਲ 7 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ| ਕਿਸ਼ਤੀ ਵਿੱਚ ਕਰੀਬ 50 ਵਿਅਕਤੀਆਂ ਸਮੇਤ ਕੁਝ ਦੋਪਹੀਆ ਵਾਹਨ ਵੀ ਸਨ| ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਤੌਲੀ ਦੇ ਚੰਬਲ ਢੀਬਰੀ ਪਿੰਡ ਤੋਂ ਕੁਝ ਦਰਸ਼ਨਾਰਥੀ ਕਿਸ਼ਤੀ ਤੋਂ ਨਦੀ ਪਾਰ ਬੂੰਦੀ ਜ਼ਿਲ੍ਹੇ ਵਿੱਚ ਸਥਿਤ ਕਮਲੇਸ਼ਵਰ ਮਹਾਦੇਵ ਦੇ ਮੰਦਰ ਜਾ ਰਹੇ ਸਨ| ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਤੇ ਸਮਰੱਥਾ ਤੋਂ ਵੱਧ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਹੋ ਗਿਆ|
ਹਾਦਸੇ ਤੋਂ ਬਾਅਦ ਕਰੀਬ 30 ਤੋਂ 35 ਵਿਅਕਤੀ ਖੁਦ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਗਏ ਪਰ ਕਰੀਬ 10 ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ| ਹੁਣ ਤੱਕ 7 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ| ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਤੇ ਦੁੱਖ ਜਤਾਉਂਦੇ ਹੋਏ ਉੱਚ ਅਧਿਕਾਰੀਆਂ ਨੂੰ ਲਾਪਤਾ ਵਿਅਕਤੀਆਂ ਨੂੰ ਜਲਦ ਤਲਾਸ਼ ਦੇ ਨਿਰਦੇਸ਼ ਦਿੱਤੇ ਹਨ|