ਕਾਂਗਰਸ ਤੇ ਆਪ ਕਾਇਰਾਂ ਵਾਂਗ ਭੱਜੇ ਤੇ ਕਿਸਾਨਾਂ ਤੇ ਉਹਨਾਂ ਦੀਆਂ ਚਿੰਤਾਵਾਂ ਲਈ ਖੜ੍ਹਨ ਦੀ ਜ਼ਿੰਮੇਵਾਰੀ ਅਕਾਲੀ ਦਲ ‘ਤੇ ਨਿਭਾਈ
ਚੰਡੀਗੜ੍ਹ, 16 ਸਤੰਬਰ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਨੂੰ ਕਮੇਟੀਆਂ ਜਿਹਨਾਂ ਨੇ ਖੇਤੀਬਾੜੀ ਆਰਡੀਨੈਂਸ ਤੇ ਜ਼ਰੂਰੀ ਵਸਤਾਂ ਐਕਟ ਦੀਆਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ, ਦੇ ਮੈਂਬਰ ਵਜੋਂ ਫੜ੍ਹੇ ਜਾਣ ਮਗਰੋਂ ਵਾਰ ਵਾਰ ਝੂਠ ਬੋਲਣ ਤੇ ਪੰਜਾਬੀਆਂ ਨੂੰ ਧੋਖਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਲੋਕ ਸਭਾ ਵਿਚ ਬੇਨਕਾਬ ਹੋ ਗਏ ਹਨ, ਜਦੋਂ ਇਕ ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਉਹ ਖੇਤੀਬਾੜੀ ਬਾਰੇ ਕੇਂਦਰੀ ਆਰਡੀਨੈਂਸ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਸਨ। ਉਹਨਾਂ ਕਿਹਾ ਕਿ ਹੁਣ ਬਿੱਲੀ ਥੈਲੇ ਵਿਚੋਂ ਬਾਹਰ ਨਿਕਲ ਆਈ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਤੁਸੀਂ ਤੇ ਤੁਹਾਡੀ ਸਰਕਾਰ ਨੇ ਹੀ ਖੇਤੀਬਾੜੀ ਆਰਡੀਨੈਂਸਾਂ ਦੀ ਹਮਾਇਤ ਕੀਤੀ ਪਰ ਹੁਣ ਇਸ ਮਾਮਲੇ ‘ਤੇ ਝੂਠ ਬੋਲ ਕੇ ਬਚਣਾ ਚਾਹੁੰਦੇ ਹੋ ਜਿਵੇਂ ਕਿ ਬੀਤੇ ਸਮੇਂ ਦੌਰਾਨ ਤੁਸੀਂ ਵਾਰ ਵਾਰ ਕਰਦੇ ਰਹੇ ਹੋ। ਉਹਨਾਂ ਕਿਹਾ ਕਿ ਵਾਰ ਵਾਰ ਖੰਡਨ ਕਰਨ ‘ਤੇ ਵੀ ਤੁਸੀਂ ਆਪਣੇ ‘ਤੇ ਲੱਗੇ ਉਹ ਧੱਬੇ ਨਹੀਂ ਧੋ ਸਕਦੇ ਜੋ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਕਾਰਨ ਲੱਗੇ ਹਨ ਤੇ ਇਸੇ ਲਈ ਤੁਸੀਂ ਡਰ ਗਏ ਹੋ।
ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਇਸ ਗੱਲੋਂ ਵੀ ਆਲੋਚਨਾ ਕੀਤੀ ਕਿ ਉਹ ਜ਼ਰੂਰੀ ਵਸਤਾਂ ਸੋਧ ਐਕਟ ‘ਤੇ ਵੋਟਿੰਗ ਵੇਲੇ ਕਾਇਰਾਂ ਵਾਂਗ ਭੱਜ ਗਏ ਤੇ ਕਿਸਾਨਾਂ ਤੇ ਉਹਨਾਂ ਦੀਆਂ ਚਿੰਤਾਵਾਂ ਵਾਸਤੇ ਡੱਟਣ ਤੇ ਇਸ ਬਿੱਲ ਦਾ ਵਿਰੋਧ ਕਰਨ ਦੀ ਜ਼ਿੰਮੇਵਾਰੀ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਨਿਭਾਈ ਹੈ।