ਦੇਹਰਾਦੂਨ – ਤੀਰਥ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਉਤਰਾਖੰਡ ਵਿੱਚ ਜਾਰੀ ਸਿਆਸੀ ਹਲ-ਚਲ ਦਰਮਿਆਨ ਨਵਾਂ ਮੁੱਖ ਮੰਤਰੀ ਬਣਾਉਣ ਤੇ ਸਹਿਮਤੀ ਬਣ ਗਈ ਹੈ। ਭਾਜਪਾ ਵਿਧਾਇਕ ਪੁਸ਼ਕਰ ਸਿੰਘ ਧਾਮੀ , ਤੀਰਥ ਰਾਵਤ ਦੀ ਥਾਂ ਤੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਮ ਤੇ ਮੋਹਰ ਲਾਈ ਗਈ ਹੈ।ਜਿਕਰਯੋਗ ਹੈ ਕਿ ਬੀਤੇ ਕੱਲ੍ਹ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਾਵਤ ਨੇ ਇਸ ਸਾਲ ਮਾਰਚ ਮਹੀਨੇ ਉਤਰਾਖੰਡ ਦਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਰਾਵਤ ਨੇ ਸੰਵਿਧਾਨਕ ਸੰਕਟ ਦੇ ਚੱਲਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦੇ 6 ਮਹੀਨੇ ਦੇ ਅੰਦਰ ਉਨ੍ਹਾਂ ਦਾ ਵਿਧਾਇਕ ਬਣਨਾ ਜ਼ਰੂਰੀ ਸੀ। ਕੋਰੋਨਾ ਸੰਕਟ ਕਾਲ ਕਾਰਨ ਦੋ ਸੀਟਾਂ ਤੇ ਜ਼ਿਮਨੀ ਚੋਣਾਂ ਨਹੀਂ ਹੋ ਸਕੀਆਂ।ਪੁਸ਼ਕਰ ਸਿੰਘ ਧਾਮੀ ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਰਹੇ ਹਨ। ਉਨ੍ਹਾਂ ਨੇ ਆਰ. ਐਸ. ਐਸ. ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਪੁਸ਼ਕਰ ਧਾਮੀ ਸੀਮਾਂਤ ਵਿਧਾਨ ਸਭਾ ਖੇਤਰ ਖਟੀਮਾ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ।