ਵਾਸ਼ਿੰਗਟਨ – ਅਮਰੀਕਾ ਨੇ ਅੱਜ ਕਿਹਾ ਹੈ ਕਿ ਮੁਲਕ ਚੀਨ ਵੱਲੋਂ ਸਿੱਧੇ ਤੌਰ ’ਤੇ ਦਿੱਤੀਆਂ ਚੁਣੌਤੀਆਂ ਦਾ ਟਾਕਰਾ ਕਰੇਗਾ, ਪਰ ਪੇਈਚਿੰਗ ਨਾਲ ਮਿਲ ਕੇ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰੇਗਾ ਜਦ ਅਜਿਹਾ ਕਰਨਾ ਅਮਰੀਕਾ ਦੇ ਹਿੱਤ ਵਿਚ ਹੋਵੇਗਾ। ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹ ਚੀਨ ਵੱਲੋਂ ਕੀਤੇ ਜਾਣ ਵਾਲੇ ‘ਆਰਥਿਕ ਹੱਲੇ’ ਦਾ ਸਾਹਮਣਾ ਕਰਨਗੇ। ਇਸ ਤੋਂ ਇਲਾਵਾ ਮਨੁੱਖੀ ਹੱਕਾਂ, ਬੌਧਿਕ ਸੰਪਤੀ ਅਤੇ ਆਲਮੀ ਪ੍ਰਬੰਧਾਂ ਉਤੇ ਚੀਨ ਵੱਲੋਂ ਬੋਲੇ ਜਾਣ ਵਾਲੇ ਕਿਸੇ ਵੀ ਹੱਲੇ ਦਾ ਜਵਾਬ ਵੀ ਅਮਰੀਕਾ ਦੇਵੇਗਾ। ਵਿਦੇਸ਼ ਮੰਤਰਾਲੇ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਘਰ ਵਿਚ ਮਜ਼ਬੂਤੀ ਦੇ ਨਾਲ-ਨਾਲ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ। ਕੌਮਾਂਤਰੀ ਸੰਗਠਨਾਂ ਵਿਚ ਅਮਰੀਕਾ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਮਰੀਕਾ ਦੀ ਗੁਆਚੀ ਭਰੋਸੇਯੋਗਤਾ ਤੇ ਨੈਤਿਕ ਸ਼ਾਸਨ ਪ੍ਰਬੰਧਾਂ ਨੂੰ ਵੀ ਬਹਾਲ ਕੀਤਾ ਜਾਵੇਗਾ। ਬਾਇਡਨ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਹਮਲਾਵਰ ਗਤੀਵਿਧੀਆਂ ਦੇ ਦਿਨ ਲੱਦ ਗਏ ਹਨ ਤੇ ਅਮਰੀਕਾ ਕੋਈ ਢਿੱਲ ਨਹੀਂ ਵਰਤੇਗਾ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਰੂਸੀ ਰਾਸ਼ਟਰਪਤੀ ਪੂਤਿਨ ਨੂੰ ਸਾਫ਼ ਸ਼ਬਦਾਂ ਵਿਚ ਦੱਸ ਦਿੱਤਾ ਹੈ ਕਿ ਉਹ ਟਰੰਪ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੰਮ ਕਰਨਗੇ। ਬਾਇਡਨ ਨੇ ਇਸ ਦੌਰਾਨ ਚੋਣਾਂ ’ਚ ਰੂਸੀ ਦਖ਼ਲਅੰਦਾਜ਼ੀ ਦੇ ਲੱਗਦੇ ਇਲਜ਼ਾਮਾਂ, ਸਾਈਬਰ ਹਮਲਿਆਂ ਅਤੇ ਰੂਸ ਵੱਲੋਂ ਆਪਣੇ ਨਾਗਰਿਕਾਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ਦਾ ਵੀ ਜ਼ਿਕਰ ਕੀਤਾ। ਰੂਸੀ ਰਾਸ਼ਟਰਪਤੀ ਨਾਲ ਬਾਇਡਨ ਫੋਨ ਉਤੇ ਗੱਲ ਕਰ ਚੁੱਕੇ ਹਨ। ਰਾਸ਼ਟਰਪਤੀ ਬਾਇਡਨ ਨੇ ਨਾਲ ਹੀ ਕਿਹਾ ਕਿ ਅਮਰੀਕਾ ਅਤੇ ਉਸ ਦੀ ਕੂਟਨੀਤੀ ਹੁਣ ਵਾਪਸ ਆ ਚੁੱਕੀ ਹੈ। ਉਨ੍ਹਾਂ ਦਾ ਪ੍ਰਸ਼ਾਸਨ ਪੁਰਾਣੇ ਭਾਈਵਾਲਾਂ ਨਾਲ ਟੁੱਟੇ ਰਿਸ਼ਤੇ ਮੁੜ ਕਾਇਮ ਕਰੇਗਾ ਤੇ ਦੁਬਾਰਾ ਸੰਸਾਰ ਨਾਲ ਤਾਲਮੇਲ ਕਰਨ ਲਈ ਤਿਆਰ ਹੈ। ਜਰਮਨੀ ਵਿਚੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਣ ਦਾ ਟਰੰਪ ਵੱਲੋਂ ਜਾਰੀ ਕੀਤਾ ਹੁਕਮ ਵੀ ਬਾਇਡਨ ਨੇ ਫ਼ਿਲਹਾਲ ਟਾਲ ਦਿੱਤਾ ਹੈ। ਦੱਸਣਯੋਗ ਹੈ ਕਿ ਜਰਮਨੀ ਵਿਚ ਅਮਰੀਕਾ ਦੇ 34,500 ਫ਼ੌਜੀ ਤਾਇਨਾਤ ਹਨ। ਉੱਥੇ ਅਮਰੀਕਾ ਦੇ ਕਈ ਵੱਡੇ ਮਿਲਟਰੀ ਕੇਂਦਰ ਹਨ।