ਸਰੀ, 12 ਸਤੰਬਰ 2020 – ਸਾਬਕਾ ਕੈਬਨਿਟ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਜ਼ ਨੂੰ ਬੀਸੀ ਐਨ ਡੀ ਪੀ ਵੱਲੋਂ ਸਰੀ- ਪੈਨੋਰਮਾ ਹਲਕੇ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਇਸ ਹਲਕੇ ਤੋਂ ਆਪਣੀ ਮੁੜ ਨਾਮਜ਼ਦਗੀ ਦਾ ਐਲਾਨ ਹੋਣ ਪਿੱਛੋਂ ਜਿੰਨੀ ਸਿਮਜ਼ ਨੇ ਹਲਕੇ ਦੇ ਵੋਟਰਾਂ ਵੱਲੋਂ ਮਿਲਦੇ ਆ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਗਾਮੀ ਚੋਣਾਂ ਵਿਚ ਭਰਵੇਂ ਸਮਰਥਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਐਨ ਡੀ ਪੀ ਦੀ ਘੱਟਗਿਣਤੀ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀਆਂ ਕਨਸੋਆਂ ਹਨ। ਸਰੀ-ਪੈਨੋਰਮਾ ਤੋਂ ਪਿਛਲੀ ਵਾਰ ਲਿਬਰਲ ਐਮ ਪੀ ਸੁੱਖ ਧਾਲੀਵਾਲ ਦਾ ਥਾਪੜਾ ਹਾਸਲ ਲਿਬਰਲ ਉਮੀਦਵਾਰ ਪੁਨੀਤ ਸੰਧਰ ਨੂੰ ਜਿੰਨੀ ਸਿਮਜ਼ ਨੇ ਹਰਾਕੇ ਇਹ ਸੀਟ ਜਿੱਤੀ ਸੀ।ਸੂਤਰਾਂ ਮੁਤਾਬਿਕ ਇਸ ਵਾਰ ਲਿਬਰਲ ਪਾਰਟੀ ਵੱਲੋਂ ਪੁਨੀਤ ਸੰਧਰ ਦੀ ਥਾਂ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਨੂੰ ਇਕ ਮਜ਼ਬੂਤ ਉਮੀਦਵਾਰ ਵਜੋਂ ਉਤਾਰੇ ਜਾਣ ਦੀ ਸੰਭਾਵਨਾ ਹੈ। ਯਾਦ ਰਹੇ ਸਰੀ-ਪੈਨੋਰਮਾ ਉਹ ਮਹੱਤਵਪੂਰਣ ਹਲਕਾ ਹੈ ਜਿਸਨੂੰ ਲਿਬਰਲ ਪਾਰਟੀ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਪਰ ਪਿਛਲੀ ਵਾਰ ਇਹ ਸੀਟ ਐਨ ਡੀ ਪੀ ਦੇ ਖਾਤੇ ਚ ਚਲੇ ਕਾਰਣ ਕ੍ਰਿਸਟੀ ਕਲਾਰਕ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਲੁੜਕ ਗਈ ਸੀ।