ਫਰੀਦਕੋਟ, 13 ਸਤੰਬਰ 2020 – ਵੇਰਕਾ ਦੇ ਦੁੱਧ ਪਦਾਰਥਾਂ ਨੇ ਹੁਣ ਫਰੀਦਕੋਟ ਦੇ ਪਿੰਡਾਂ ਵਿੱਚ ਦਸਤਕ ਦੇ ਦਿੱਤੀ ਹੈ । ਮਿਲਕਫੈਂਡ ਦੁਆਰਾ ਇਸ ਕਾਰਜ ਲਈ ” ਮਿਸ਼ਨ ਵੇਰਕਾ ਗ੍ਰਾਮੀਣ ਮੰਡੀਕਰਨ ਯੋਜਨਾ ” ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਵੇਰਕਾ ਦੁਆਰਾ ਪਿੰਡ ਡੱਗੋ ਰੋਮਾਣਾ ਵਿਖੇ ਨਵੇਂ ਬਲਰ ਮਿਲਰ ਕੂਲਰ ਅਤੇ ਮਿਲਕ ਬੂਥ / ਵੇਰਕਾ ਵਿਕਰੀ ਕੇਂਦਰ ਦੇ ਉਦਘਾਟਨ ਫਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿਲੋਂ ਨੇ ਕੀਤਾ।
ਮਿਲਕਫੈਂਡ ਦੇ ਇਸ ਨਵੇਂ ਉਪਰਾਲੇ ਤੇ ਮਿਲਕ ਯੂਨੀਅਨ ਫਰੀਦਕੋਟ ਦੇ ਸਮੂਹ ਬੋਰਡ ਆਫ ਡਾਇਰੈਕਟਰਜ ਅਤੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਢਿਲੋਂ ਨੇ ਕਿਹਾ ਕਿ ਇਸ ਯੋਜਨਾ ਨਾਲ ਲੋਕਾਂ ਨੂੰ ਵੇਰਕਾ ਦੇ ਸ਼ੁੱਧ ਦੁੱਧ ਪਦਾਰਥ ਮੁਹੱਈਆ ਹੋਣ ਦੇ ਨਾਲ ਨਾਲ ਵੇਰਕਾ ਫਰੀਦਕੋਟ ਡੇਅਰੀ ਦਾ ਕਾਰੋਬਾਰ ਵਧੇਗਾ ਅਤੇ ਇਸਦਾ ਲਾਭ ਮਿਲਕ ਯੂਨੀਅਨ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਹੋਵੇਗਾ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸਹਿਕਾਰਤਾ ਵਿਭਾਗ ਨਾਲ ਜੁੜੇ ਸਮੂਹ ਕਿਸਾਨਾਂ ਦੀ ਬੇਹਤਰੀ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ ਅਤੇ ਉਨਾਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਸਹਿਕਾਰੀ ਬੈਕਾਂ ਦੇ ਕਿਸਾਨ ਕਰਜਿਆਂ ਨੂੰ ਮੁਆਫੀ ਦੇ ਕੇ ਇਤਿਹਾਸ ਸਿਰਜਿਆ ਗਿਆ ਹੈ ।
ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਿਲਕਫੈਡ ਪੰਜਾਬ ਸਰਕਾਰ ਦੀ ਰਹਿਨੁਮਾਈ ਵਿੱਚ ਚੱਲ ਰਹੀ ਡੇਅਰੀ ਦੁੱਧ ਉਤਪਾਦਕਾਂ ਦੀ ਇੱਕ ਸਿਰਮੌਰ ਸਹਿਕਾਰੀ ਸੰਸਥਾ ਹੈ ਜੋ ਦੁੱਧ ਉਤਪਾਦਕਾਂ ਨੂੰ ਯੋਗ ਰੇਟ ਤੇ ਪੂਰਾ ਸਾਲ ਦੁੱਧ ਦੀ ਮੰਡੀਕਰਨ ਦੇਣ ਦੇ ਇਲਾਵਾ ਗਾਹਕਾਂ ਨੂੰ ਸ਼ੁੱਧ ਦੁੱਧ ਅਤੇ ਦੁੱਧ ਤੋਂ ਬਣੇ ਉਤਾਪਦ ਮੁਹੱਇਆ ਕਰਵਾਉਂਦਾ ਹੈ ।
ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਮਿਲਕਫੈਡ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੇ ਵਕਤ ਵਿੱਚ ਜਦੋਂ ਪ੍ਰਈਵੇਟ ਕੰਪਨੀਆਂ ਕਿਸਾਨਾਂ ਨੂੰ ਛੱਡ ਕੇ ਚਲੀਆਂ ਗਈਆਂ ਤਾਂ ਮਿਲਕਫੈਡ ਪੰਜਾਬ ਨੇ ਕਿਸਾਨਾਂ ਦੇ ਘਰਾਂ ਤੋਂ ਦੁੱਧ ਦੀ ਖ੍ਰੀਦ ਕਰਨ ਦੇ ਇਲਾਵਾ ਕਰਫਿਊ ਚ ਘਰਾਂ ਵਿੱਚ ਬੰਦ ਲੋਕਾਂ ਦੇ ਘਰਾਂ ਤੱਕ ਦੁੱਧ ਅਤੇ ਦੁੱਧ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ । ਮਿਲਕ ਯੂਨੀਅਨ ਫਰੀਦਕੋਟ ਦੇ ਚੇਅਰਮੈਨ ਜਗਜੀਵਨ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਦੇ ਦੁੱਧ ਪਦਾਰਥ ਪਨੀਰ, ਦਹੀਂ, ਖੀਰ, ਆਈਸਕਰੀਮ, ਕੁਲਫੀਆਂ ਆਦਿ ਤੋਂ ਇਲਾਵਾ ਵੇਰਕਾ ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਹੁਣ ਪਿੰਡਾਂ ਵਿੱਚ ਉਪਲਬਧ ਹੋਣਗੇ। ਉਹਨਾਂ ਦੱਸਿਆ ਕਿ ਮਿਲਕ ਯੂਨੀਅਨ ਫਰੀਦਕੋਟ ਤੋਂ ਲੰਮੇ ਸਮੇਂ ਤੋਂ ਪਿੰਡਾਂ ਅਤੇ ਕਸਬਿਆਂ ਤੋਂ ਵੇਰਕਾ ਪਦਾਰਥਾਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੇਰਕਾ ਫਰੀਦਕੋਟ ਡੇਅਰੀ ਦੁਆਰਾ ” ਵੇਰਕਾ ਗ੍ਰਾਮੀਣ ਮੰਡੀਕਰਨ ਯੋਜਨਾ ” ਸ਼ੁਰੂ ਕੀਤੀ ਗਈ ਹੈ ।
ਮਿਲਕ ਯੂਨੀਅਨ ਫਰੀਦਕੋਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਪਹਿਲਾਂ ਵੇਰਕਾ ਪਦਾਰਥਾਂ ਦੀ ਪਹੁੰਚ ਕੇਵਲ ਸ਼ਹਿਰੀ ਖੇਤਰਾਂ ਵਿੱਚ ਹੋਣ ਕਰਕੇ ਪਿੰਡਾਂ ਦੇ ਗਾਹਕਾਂ ਨੂੰ ਵੇਰਕਾ ਪਦਾਰਥ ਪ੍ਰਾਪਤ ਕਰਨ ਵਿੱਚ ਦਿੱਕਤ ਆਉਂਦੀ ਸੀ । ਇਸ ਲਈ ਵੇਰਕਾ ਵੱਲੋਂ ਜਿਲਾ ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਮੁਕੰਮਲ ਵੇਰਕਾ ਆਊਟਲੈਟ ਤਿਆਰ ਕੀਤੇ ਜਾ ਰਹੇ ਹਨ, ਜਿੰਨਾਂ ਨੂੰ ਵੇਰਕਾ ਵਿਕਰੀ ਕੇਂਦਰ ਦਾ ਨਾਮ ਦਿੱਤਾ ਗਿਆ ਹੈ ਅਤੇ ਹੁਣ ਪਿੰਡਾਂ ਦੇ ਗਾਹਕ ਪਿੰਡ ਵਿੱਚ ਹੀ ਸਥਾਪਿਤ ਵੇਰਕਾ ਵਿਕਰੀ ਕੇਂਦਰ ਤੋਂ ਵੇਰਕਾ ਦੇ ਜਰੂਰੀ ਪਦਾਰਥ ਪ੍ਰਾਪਤ ਕਰ ਸਕਣਗੇ। ਇਸ ਮੌਕੇ ਮਿਲਕ ਯੂਨੀਅਨ ਦੇ ਡਾਇਰੈਕਟਰ ਜਸਕਰਨ ਸਿੰਘ ਨੇ ਸਭਾ ਤੇ ਆਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਭਾਣਾ ਬਲਾਕ ਪ੍ਰਧਾਨ ਕਾਂਗਰਸ, ਨਛੱਤਰ ਸਿੰਘ ਸਾਬਕਾ ਸਰਪੰਚ ਦਾਨਾ ਰੋਮਾਣਾ ਸਮੇਤ ਇਲਾਕੇ ਦੇ ਸਰਪੰਚਾਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।