ਫਰੀਦਕੋਟ, 11 ਸਤੰਬਰ 2020 -ਬਹਿਬਲ ਗੋਲੀਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਦੇ ਮੁੱਦੇ ਲਈ ਅਦਾਲਤ ਦੇ ਆਦੇਸ਼ਾਂ ਤੇ ਐਸਆਈਟੀ ਦੇ ਪ੍ਰਮੁੱਖ ਮੈਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋਏ। ਜਿਸ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਦੇ ਸਰਕਾਰੀ ਵਾਅਦਾ ਮੁਆਫ਼ ਗਵਾਹ ਬਣਨ ਤੋਂ ਬਾਅਦ ਕਈ ਵੱਡੇ ਨਾਵਾਂ ਦਾ ਵੀ ਖੁਲਾਸਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿੱਚ ਬਹਿਬਲ ਗੋਲੀਕਾਂਡ ਦੀ ਸੱਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਆਈ ਜੀ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਪ੍ਰੰਤੂ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਵਕੀਲ ਵੱਲੋਂ ਵੀ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨਾਂ ਦੀ ਨਕਲ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਨਕਲ ਦੇਣ ਤੇ ਰੋਕ ਲਗਾ ਦਿੱਤੀ ਹੈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਵਕੀਲ ਨੇ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ ਗਵਾਹ ਬਣਨ ਦਾ ਵਿਰੋਧ ਕੀਤਾ।
ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਧਿਰ ਅਤੇ ਹੋਰ ਧਿਰਾਂ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਬਿਆਨਾਂ ਦੇ ਨਕਲ ਦੀ ਮੰਗ ਕੀਤੀ ਸੀ। ਗੋਲੀ ਕਾਂਡ ਦੇ ਇੱਕ ਗਵਾਹ ਰੇਸ਼ਮ ਸਿੰਘ ਨੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਨੂੰ ਗੈਰ ਕਾਨੂੰਨੀ ਦੱਸਦਿਆਂ ਕਿਹਾ ਕਿ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਗਵਾਹ ਨਹੀਂ ਬਣਾਇਆ ਜਾ ਸਕਦਾ। ਅਦਾਲਤ ਵਿੱਚ ਇੱਕ ਅਰਜ਼ੀ ਦੇ ਕੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਉਸ ਦਾ ਪੱਖ ਸੁਣਨ ਦੀ ਮੰਗ ਕੀਤੀ ਸੀ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਬਹਿਬਲ ਗੋਲੀ ਕਾਂਡ ਦਾ ਚਸ਼ਮਦੀਦ ਹੈ ਅਗਸਤ 2017 ਵਿੱਚ ਪੁਲਿਸ ਨੇ ਉਸ ਦਾ ਬਿਆਨ ਲਿਖਿਆ ਸੀ ਪਰ ਪੁਲਿਸ ਨੇ ਉਸ ਨੂੰ ਇਸ ਮਾਮਲੇ ਵਿੱਚ ਗਵਾਹ ਵਜੋਂ ਸ਼ਾਮਲ ਨਹੀ ਕੀਤਾ ਜਿਸ ਤੋਂ ਬਾਅਦ ਅਦਾਲਤ ਵੱਲੋਂਂ ਇਸ ਨੂੰ ਸਰਕਾਰੀ ਗਵਾਹ ਬਣਨ ਤੋਂ ਗਰੇਜ ਕੀਤਾ ਗਿਆ। ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਨੇ ਵੀ ਇੰਸਪੈਕਟਰ ਪ੍ਰਦੀਪ ਸਿੰਘ ਦੇ ਗਵਾਹ ਬਣਨ ਨੂੰ ਗੈਰ ਕਾਨੂੰਨੀ ਕਹਿੰਦਿਆਂ ਇੰਸਪੈਕਟਰ ਪ੍ਰਦੀਪ ਸਿੰਘ ਦੀ ਅਰਜੀ ਰੱਦ ਕਰਨ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਅਦਾਲਤ 15 ਸਤੰਬਰ ਨੂੰ ਆਪਣਾ ਫੈਸਲਾ ਸੁਣਾਏਗੀ।