ਸ੍ਰੀ ਮੁਕਤਸਰ ਸਾਹਿਬ, 10 ਸਤੰਬਰ 2020 – ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਦੇ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਆਗੂਆਂ ਜਸਵਿੰਦਰ ਝਬੇਲਵਾਲੀ, ਪ੍ਰਗਟ ਜੰਬਰ, ਰਣਜੀਤ ਸਿੰਘ ਥਾਂਦੇਵਾਲਾ ਅਤੇ ਬਲਜਿੰਦਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਡੀਸੀ ਦਫਤਰ ਦੇ ਖੰਡੇ ਵਾਲਾ ਪਾਰਕ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਰਾਮ ਜੀ ਸਿੰਘ ਭਲਾਈਆਣਾ, ਸੁਖਵਿੰਦਰ ਸਿੰਘ ਦੋਦਾ, ਕਰਮਜੀਤ ਕੌਰ, ਰਮਨਜੀਤ ਕੌਰ, ਜਗਸੀਰ ਸਿੰਘ ਨੇ ਹਾਜ਼ਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਰੋਨਾ ਸੰਕਟ ਦੀ ਆੜ ਹੇਠ ਲੋਕਾਂ ਨੂੰ ਜਬਰੀ ਘਰਾਂ ਅੰਦਰ ਕੈਦ ਕਰਕੇ ਸੂਬੇ ਦੇ ਸਰਕਾਰੀ ਅਤੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਤੇਜੀ ਨਾਲ ਲਾਗੂ ਕਰ ਰਹੀਆਂ ਹਨ ਅਤੇ ਕੱਚੇ ਕੰਟਰੈਕਟ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕਰਨ ਤੋਂ ਟਾਲਾ ਵੱਟ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ 31 ਦਸੰਬਰ 2020 ਤੱਕ ਅੱਗੇ ਪਾ ਕੇ ਕੇਂਦਰੀ ਤਨਖਾਹ ਸਕੇਲਾਂ ਤੋਂ ਵਧੇਰੇ ਸਕੇਲ ਨਾ ਦੇਣ ਵਾਲਾ ਪੱਤਰ ਰੱਦ ਕਰਕੇ ਅਤੇ ਮੁਲਾਜ਼ਮਾਂ ਦਾ 158 ਮਹੀਨਿਆਂ ਦਾ ਦੱਬਿਆ ਬਕਾਇਆ ਜਾਰੀ ਨਾ ਕਰਕੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਇਸ ਮੌਕੇ ਗੁਰਮੀਤ ਸਿੰਘ, ਪਵਨ ਚੌਧਰੀ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸੁਰਿੰਦਰ ਕੁਮਾਰ, ਸੁਖਰਾਜ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦੀ ਘੱਟੋ ਘੱਟ ਉਜਰਤਾਂ ਵਿੱਚ 1 ਮਾਰਚ 2020 ਤੋਂ ਵਾਧੇ ਵਾਲੇ ਕਿਰਤ ਵਿਭਾਗ ਦੇ ਪੱਤਰ ਨੂੰ ਰੱਦ ਕਰਨ, ਐੱਨ.ਪੀ.ਐੱਸ. ਅਧੀਨ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਅਤੇ ਬੋਰਡਾਂ ਕਾਰਪੋਰੇਸ਼ਨਾਂ ਦੇ ਸਮੂਹ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ, ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਸੌਂਪੀ ਗਈ ਮੁਲਾਜ਼ਮ ਅਤੇ ਲੋਕ ਵਿਰੋਧੀ ਰਿਪੋਰਟ ਨੂੰ ਰੱਦ ਕਰਨ, ਪੰਜਾਬ ਦੇ ਮੁਲਾਜ਼ਮਾਂ ਦਾ ਘਟਾਇਆ ਗਿਆ ਨਿਗੂਣਾ ਮੋਬਾਇਲ ਭੱਤਾ ਮੁੜ ਬਹਾਲ ਕਰਨ, ਪੁਨਰਗਠਨ ਦੇ ਨਾਂ ਹੇਠ ਖਤਮ ਕੀਤੀਆਂ ਪੋਸਟਾਂ ਮੁੜ ਬਹਾਲ ਕਰਨ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਨੂੰ ਸੰਸਦ ਵੱਲੋਂ ਪਾਸ ਕੀਤੇ ਗਰੈਚੁਟੀ ਐਕਟ ਰਾਹੀਂ ਪ੍ਰਾਪਤ 20 ਲੱਖ ਰੁਪਏ ਦੀ ਗਰੈਚੁਟੀ ਜੋ ਵਿੱਤ ਵਿਭਾਗ ਨੇ 29 ਮਾਰਚ 2018 ਤੋਂ ਜਬਰੀ ਰੋਕੀ ਹੋਈ ਹੈ, ਨੂੰ ਮੁੜ ਬਹਾਲ ਕਰਨ, ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਸਮੇਤ ਧੜਾਧੜ ਵੇਚੇ ਜਾ ਰਹੇ ਸਮੂਹ ਜਨਤਕ ਅਦਾਰੇ ਬਚਾਉਣ, ਨਵੀਂ ਸਿੱਖਿਆ ਨੀਤੀ (2020) ਦੇ ਨਾਂ ‘ਤੇ ਚਲਾਈ ਜਾ ਰਹੀ ਸਿੱਖਿਆ ਦੇ ਨਿੱਜੀਕਰਨ ਅਤੇ ਭਗਵੇਂਕਰਨ ਦੀ ਪ੍ਰਕਿਰਿਆ ਠੱਲ੍ਹ ਪਾਉਣ ਆਦਿ ਦੀਆਂ ਮੰਗਾਂ ਦੀ ਪੂਰਤੀ ਲਈ ਮੁਲਾਜ਼ਮ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 15 ਸਤੰਬਰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨੂੰ ਮਾਰਚ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਵਨ ਬਾਵਾ, ਪਰਮਜੀਤ ਕੌਰ, ਲਖਵੀਰ ਕੌਰ, ਪ੍ਰੀਤੀ, ਸੁਖਵਿੰਦਰ ਕੌਰ ਅਤੇ ਨਛੱਤਰ ਸਿੰਘ ਹਾਜ਼ਰ ਸਨ।